ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਦਨ 'ਚ ਦਿੱਤੇ ਬਿਆਨ 'ਤੇ ਪੰਜਾਬ ਕਾਂਗਰਸ ਹੁਣ ਭਗਵੰਤ ਮਾਨ ਖਿਲਾਫ ਲਾਮਬੰਦ ਹੋ ਗਈ ਹੈ। ਪੰਜਾਬ ਕਾਂਗਰਸ ਦੇ ਵਿਧਾਇਕ ਸੀਐੱਮ ਮਾਨ ਦੇ ਬਿਆਨ ਖਿਲਾਫ ਲਗਾਤਾਰ ਆਵਾਜ਼ ਉਠਾ ਰਹੇ ਹਨ। ਦਰਅਸਲ ਅੱਜ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਸੀਬੀਆਈ ਅਤੇ ਵਿਜੀਲੈਂਸ ਦੇ ਮੁੱਦੇ 'ਤੇ ਬਹਿਸ ਚੱਲ ਰਹੀ ਸੀ। ਜਿਸ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਬਿਆਨ ਦਿੱਤਾ ਹੈ ਕਿ ਜੇਕਰ ਕੋਈ ਸੀਬੀਆਈ ਅਤੇ ਈਡੀ ਤੋਂ ਬਚਣਾ ਚਾਹੁੰਦਾ ਹੈ ਤਾਂ ਉਹ ਆਪਣੇ ਪਾਰਟੀ ਦਫਤਰ 'ਤੇ ਭਾਜਪਾ ਦਾ ਝੰਡਾ ਲਗਾਵੇ। ਇਸ ਬਿਆਨ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਮੁਤਾਬਕ ਪੰਜਾਬ 'ਚ ਵਿਜੀਲੈਂਸ ਦਫਤਰ 'ਤੇ ਆਮ ਆਦਮੀ ਪਾਰਟੀ ਦਾ ਝੰਡਾ ਲਹਿਰਾਇਆ ਜਾਣਾ ਚਾਹੀਦਾ ਹੈ।
ਮਾਨ ਖ਼ਿਲਾਫ਼ ਕਾਂਗਰਸ ਹੋਈ ਲਾਮਬੰਦ:ਇਸ 'ਤੇ ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਘਪਲੇ ਕੀਤੇ ਹਨ, ਉਨ੍ਹਾਂ ਸਾਰਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੈਂ ਕਾਂਗਰਸੀ ਨੇਤਾਵਾਂ ਨੂੰ ਕਹਿੰਦਾ ਹਾਂ ਕਿ ਸਬਰ ਰੱਖੋ, ਸਭ ਦੀ ਵਾਰੀ ਆਵੇਗੀ। ਇਸ ਦੇ ਨਾਲ ਹੀ ਉਨ੍ਹਾਂ ਸਦਨ ਵਿੱਚ ਕਿਹਾ ਕਿ ਜਿਹੜਾ ਵੀ ਆਗੂ ਪੰਜਾਬ ਦਾ ਪੈਸਾ ਖਾ ਗਿਆ ਹੈ ਜਾਂ ਉਸ ਵਿੱਚ ਸ਼ਾਮਲ ਹੋਣ ਵਾਲੇ ਹਰ ਇੱਕ ਸ਼ਖ਼ਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਇਸ ਗੱਲਬਾਤ ਦੌਰਾਨ ਦੋਵਾਂ ਆਗੂਆਂ ਵਿਚਾਲੇ ਗਰਮਾ-ਗਰਮ ਬਹਿਸ ਵੀ ਹੋਈ। ਹੁਣ ਕਾਂਗਰਸ ਪਾਰਟੀ ਮੁੱਖ ਮੰਤਰੀ ਭਗਵਤ ਮਾਨ ਨੂੰ ਇਸ ਮੁੱਦੇ 'ਤੇ ਮੁਆਫ਼ੀ ਮੰਗਣ ਲਈ ਕਹਿ ਰਹੀ ਹੈ ਅਤੇ ਕਾਂਗਰਸ ਪਾਰਟੀ ਦੇ ਆਗੂ ਭਲਕੇ ਸਵੇਰੇ 9:00 ਵਜੇ ਇਸ ਮਾਮਲੇ 'ਚ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਮਿਲਣਗੇ। ਦੂਜੇ ਪਾਸੇ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ 'ਚ ਸਪੀਕਰ ਤੋਂ ਕਾਰਵਾਈ ਦਾ ਭਰੋਸਾ ਨਾ ਮਿਲਿਆ ਤਾਂ ਉਹ ਇਹ ਮਾਮਲਾ ਮੁੜ ਰਾਜਪਾਲ ਕੋਲ ਲਿਜਾ ਸਕਦੇ ਹਨ।