ਚੰਡੀਗੜ੍ਹ: ਪੰਜਾਬ ਨੇ ਹੁਣ ਤੱਕ ਅਨੇਕਾਂ ਬਾਰ ਹੜ੍ਹਾਂ ਦੀ ਮਾਰ ਨੂੰ ਝੱਲਿਆ ਹੈ ਅਤੇ ਇਸ ਨਾਲ ਸੰਘਰਸ਼ ਕਰਕੇ ਜ਼ਿੰਦਗੀ ਨੂੰ ਮੁੜ ਜਿਉਣਾ ਵੀ ਸ਼ੁਰੂ ਕੀਤਾ ਹੈ। ਸਾਲ 2023 ਦੀ ਬਰਸਾਤ ਨੇ ਵੀ ਪੰਜਾਬ ਦੇ ਲਗਭਗ 19 ਜ਼ਿਲ੍ਹਿਆਂ ਨੂੰ ਆਪਣੇ ਕਲਾਵੇ ਵਿੱਚ ਲਪੇਟ ਲਿਆ ਅਤੇ ਜ਼ਿੰਦਗੀ ਨੂੰ ਰੋਕ ਕੇ ਰੱਖ ਦਿੱਤਾ। ਪਹਿਲਾਂ ਹੜ੍ਹ ਦੇ ਪਾਣੀ ਨੇ ਦੁਆਬੇ ਅਤੇ ਮਾਲਵੇ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਹੁਣ ਪੈਰ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵੱਲ ਪਸਾਰ ਲਏ ਨੇ।
ਯਾਤਰਾ ਤਿੰਨ ਦਿਨਾਂ ਲਈ ਮੁਲਤਵੀ: ਹੜ੍ਹਾਂ ਦੀ ਮਾਰ ਕਾਰਨ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਰਤਾਰਪੁਰ ਲਾਂਘਾ ਵੀ ਅਗਲੇ 3 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਹੁਣ ਸ਼ਰਧਾਲੂ ਅਗਲੇ 3 ਦਿਨਾਂ ਤੱਕ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾ ਸਕਣਗੇ। ਇਸ ਤੋਂ ਇਲਾਵਾ ਪਠਾਨਕੋਟ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲਾ ਚੱਕੀ ਪੁਲ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਪੁਲ ਦੀ ਨੀਂਹ ਪਾਣੀ ਦੇ ਵਹਾਅ ਕਾਰਨ ਨੁਕਸਾਨੀ ਗਈ ਹੈ।
ਹੜ੍ਹ ਕਾਰਨ ਪ੍ਰਭਾਵਿਤ ਇਲਾਕਿਆਂ ਦਾ ਵੇਰਵਾ:ਪੰਜਾਬ ਸਰਕਾਰ ਨੇ ਹੜ੍ਹਾਂ ਵਿੱਚ ਘਿਰੇ ਸੂਬਾ ਵਾਸੀਆਂ ਨੂੰ ਪਹੁੰਚਾਈ ਜਾ ਰਹੀ ਰਾਹਤ ਸਮੱਗਰੀ ਅਤੇ ਮੁੜ ਵਸੇਵੇਂ ਦੇ ਕੰਮ ਦਾ ਵੇਰਵਾ ਦਿੱਤਾ ਹੈ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ 19 ਜ਼ਿਲ੍ਹਿਆਂ ਦੇ 1441 ਪਿੰਡ ਹੜ੍ਹ ਨਾਲ ਪ੍ਰਭਾਵਿਤ ਹਨ ਅਤੇ ਇਨ੍ਹਾਂ ਵਿੱਚ ਲੋਕਾਂ ਦੀ ਮਦਦ ਲਗਾਤਾਰ ਜਾਰੀ ਹੈ। ਸੀਐੱਮ ਮਾਨ ਮੁਤਾਬਿਕ 26672 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ 20 ਜੁਲਾਈ ਨੂੰ ਸਵੇਰੇ 8 ਵਜੇ ਤੱਕ 1441 ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਸੂਬੇ ਵਿੱਚ ਕੁੱਲ 155 ਰਾਹਤ ਕੈਂਪ ਚੱਲ ਰਹੇ ਹਨ, ਜਿਨ੍ਹਾਂ ਵਿੱਚ 4424 ਲੋਕ ਰਹਿ ਰਹੇ ਹਨ। ਇਸ ਵੇਲੇ ਤਰਨਤਾਰਨ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਪਟਿਆਲਾ, ਮੋਗਾ, ਲੁਧਿਆਣਾ, ਐਸਏਐਸ ਨਗਰ, ਜਲੰਧਰ, ਸੰਗਰੂਰ, ਐਸ.ਬੀ.ਐਸ ਨਗਰ, ਫਾਜ਼ਿਲਕਾ, ਗੁਰਦਾਸਪੁਰ, ਮਾਨਸਾ, ਬਠਿੰਡਾ ਅਤੇ ਪਠਾਨਕੋਟ ਸਮੇਤ 19 ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹਨ।
ਮਾਲ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਸੂਬੇ ਵਿੱਚ ਹੜ੍ਹਾਂ ਕਾਰਨ ਕੁੱਲ 38 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਸ਼ੂ ਪਾਲਣ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਵਿੱਚ ਕੁੱਲ 2554 ਪਸ਼ੂਆਂ ਦਾ ਇਲਾਜ ਕੀਤਾ ਗਿਆ ਹੈ। ਵਿਭਾਗ ਦੀਆਂ ਬਚਾਅ ਟੀਮਾਂ ਲੋੜਵੰਦ ਪਸ਼ੂਆਂ ਦਾ ਇਲਾਜ, ਫੀਡ ਸਪਲਾਈ, ਚਾਰਾ ਅਤੇ ਸਿਲੇਜ ਮੁਹੱਈਆ ਕਰਵਾਉਣ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ। ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਹੜ੍ਹ ਰਾਹਤ ਕੈਂਪ ਵੀ ਲਗਾਏ ਜਾ ਰਹੇ ਹਨ।