ਚੰਡੀਗੜ੍ਹ: ਪੰਜਾਬ ਦੇ ਕੰਢੀ ਖੇਤਰ ਟੂਰਿਜ਼ਮ ਹੱਬ ਵਜੋਂ ਵਿਕਸਿਤ ਹੋਣਗੇ ਅਤੇ ਕੰਢੀ ਖੇਤਰਾਂ ਵਿਚ ਟੂਰਿਸਟਾਂ ਦਾ ਆਉਣਾ-ਜਾਣਾ ਬਣਿਆ ਰਹੇਗਾ। ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਢੀ ਨੂੰ ਵੱਡੇ ਟੂਰਿਜ਼ਮ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹੁਸ਼ਿਆਰਪੁਰ ਨਾਲ ਲੱਗਦੇ ਕੰਢੀ ਖੇਤਰ ਨੂੰ ਸਰਕਾਰ ਸੈਰ-ਸਪਾਟਾ ਲਈ ਵਿਕਸਿਤ ਕਰਨਾ ਚਾਹੁੰਦੀ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਸੈਰ ਸਪਾਟਾ ਅਤੇ ਟੂਰਿਜ਼ਮ ਉਦਯੋਗ ਨੂੰ ਬਲ ਮਿਲੇਗਾ। ਇਸ ਤੋਂ ਪਹਿਲਾ ਵੀ ਸਰਕਾਰਾਂ ਨੇ ਸਮੇਂ-ਸਮੇਂ 'ਤੇ ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਕਈ ਪ੍ਰਾਜੈਕਟਸ ਨੂੰ ਹਰੀ ਝੰਡੀ ਦਿੱਤੀ ਸੀ। ਸ੍ਰੀ ਅਨੰਦਪੁਰ ਸਾਹਿਬ ਵਿੱਚ ਫਾਈਵ ਸਟਾਰ ਹੋਟਲ ਤੋਂ ਲੈ ਕੇ ਖਾਲਸਾ ਹੈਰੀਟੇਜ ਪਾਰਕ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਅੱਜ ਤੱਕ ਇਹ ਪ੍ਰਾਜੈਕਟ ਠੰਢੇ ਬਸਤੇ ਵਿੱਚ ਪਏ ਹਨ ਅਤੇ ਕਰੋੜਾਂ ਦਾ ਬਜਟ ਲੱਗਣ ਤੋਂ ਬਾਅਦ ਵੀ ਇਹ ਸੈਰ-ਸਪਾਟਾ ਹੱਬ ਅੱਜ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਹਨ। ਹੁਣ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰੀ ਕੰਢੀ ਲਈ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੋਵੇਂ ਥਾਵਾਂ ਪੰਜਾਬ ਵਿੱਚ ਵੱਡੇ ਸੈਰ ਸਪਾਟਾ ਸਥਾਨ ਵਜੋਂ ਉਭਰਨਗੀਆਂ।
ਪੰਜਾਬ ਸੈਰ ਸਪਾਟਾ ਵਿਭਾਗ ਨੂੰ ਮਿਲੇਗਾ ਹੁਲਾਰਾ: ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਢੀ ਦੇ ਆਲੇ-ਦੁਆਲੇ ਨਜ਼ਾਰਾ ਬੜਾ ਹੀ ਮਨਮੋਹਕ ਹੈ ਅਤੇ ਲੋਕ ਇੱਥੇ ਜਾ ਕੇ ਆਪਣਾ ਸਮਾਂ ਬਤੀਤ ਕਰਨ ਦੀ ਦਿਲਚਸਪੀ ਵੀ ਰੱਖਦੇ ਹਨ। ਇਹ ਦੋਵੇਂ ਹੀ ਪ੍ਰਾਜੋਕੈਟ ਪਠਾਨਕੋਟ ਜ਼ਿਲ੍ਹੇ ਵਿੱਚ ਮੌਜੂਦ ਹਨ ਅਤੇ ਪਠਾਨਕੋਟ ਪੰਜਾਬ ਦਾ ਅਜਿਹਾ ਜ਼ਿਲ੍ਹਾ ਹੈ, ਜਿਦੀ ਸਰਹੱਦ ਜੰਮੂ ਕਸ਼ਮੀਰ ਅਤੇ ਹਿਮਾਚਲ ਨਾਲ ਜੁੜਦੀ ਹੈ। ਹਿਮਾਚਲ ਜਾਣ ਵਾਲਿਆਂ ਨੂੰ ਵੀ ਪਠਾਨਕੋਟ ਹੋ ਕੇ ਜਾਣਾ ਪੈਂਦਾ ਹੈ ਅਤੇ ਜੰਮੂ ਕਸ਼ਮੀਰ ਜਾਣ ਵਾਲੇ ਸੈਲਾਨੀ ਵੀ ਪਠਾਨਕੋਟ ਵਿੱਚੋਂ ਗੁਜਰਦੇ ਹਨ। ਪਹਾੜੀ ਖੇਤਰ ਹੋਣ ਕਰਕੇ ਪਠਾਨਕੋਟ ਦੀਆਂ ਰਮਨੀਕ ਥਾਵਾਂ ਅਤੇ ਪਹਾੜਾਂ ਦੀਆਂ ਵਾਦੀਆਂ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਕਸ਼ਮੀਰ ਅਤੇ ਹਿਮਾਚਲ ਜਾਣ ਵਾਲੇ ਸੈਲਾਨੀ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਢੀ ਦਾ ਨਜ਼ਾਰਾ ਵੇਖਣ ਵੀ ਜ਼ਰੂਰ ਆਉਂਣਗੇ। ਇਸ ਲਈ ਸੈਰ-ਸਪਾਟਾ ਕੇਂਦਰ ਵਜੋਂ ਇਹਨਾਂ ਥਾਵਾਂ ਨੂੰ ਵਿਕਸਤ ਕਰਨ ਨਾਲ ਪੰਜਾਬ ਦੇ ਸੈਰ ਸਪਾਟਾ ਵਿਭਾਗ ਨੂੰ ਫਾਇਦਾ ਹੋਣਾ ਲਾਜ਼ਮੀ ਮੰਨਿਆ ਜਾ ਰਿਹਾ ਹੈ।
ਸ਼ਾਹਪੁਰ ਕੰਢੀ ਅਤੇ ਰਣਜੀਤ ਸਾਗਰ ਡੈਮ ਦੀ ਖੂਬਸੂਰਤੀ:ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਪਠਾਨਕੋਟ ਜ਼ਿਲ੍ਹੇ ਵਿੱਚ ਰਾਵੀ ਦਰਿਆ 'ਤੇ ਸਥਿਤ ਹੈ। ਸ਼ਾਹਪੁਰਕੰਡੀ ਡੈਮ ਤੋਂ ਹੇਠਾਂ ਵੱਲ ਜਾਣ ਵਾਲੇ ਹਾਈਡਲ ਚੈਨਲ 'ਤੇ ਬਿਜਲੀ ਘਰ ਬਣਾਏ ਜਾਣਗੇ। ਰਣਜੀਤ ਸਾਗਰ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਨੂੰ ਇਸ ਪ੍ਰਾਜੈਕਟ ਲਈ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਣਾ ਹੈ। ਇਹ ਪ੍ਰਾਜੈਕਟ 206 ਮੈਗਾਵਾਟ ਤੱਕ ਦੀ ਬਿਜਲੀ ਪੈਦਾ ਕਰੇਗਾ ਅਤੇ ਪੰਜਾਬ (5,000 ਹੈਕਟੇਅਰ) ਅਤੇ ਜੰਮੂ ਅਤੇ ਕਸ਼ਮੀਰ (32,173 ਹੈਕਟੇਅਰ) ਨੂੰ ਸਿੰਚਾਈ ਪ੍ਰਦਾਨ ਕਰੇਗਾ। ਡੈਮ ਦਾ ਨਿਰਮਾਣ ਭਾਰਤ ਅਤੇ ਪਾਕਿਸਤਾਨ ਦਰਮਿਆਨ ਦਰਿਆਵਾਂ ਦੀ ਵੰਡ ਸਬੰਧੀ ਸਿੰਧੂ ਜਲ ਸੰਧੀ ਦੇ ਢਾਂਚੇ ਦੇ ਅਨੁਸਾਰ ਹੈ। ਇਸ ਪ੍ਰਾਜੈਕਟ ਵਿੱਚ ਦੋ ਪਾਵਰ ਹਾਊਸ 6 ਨੰਬਰਾਂ ਵਿੱਚ ਸਥਿਤ ਸੱਤ ਹਾਈਡਰੋ-ਜਨਰੇਟਿੰਗ ਸੈੱਟ ਸ਼ਾਮਲ ਹਨ। ਰਣਜੀਤ ਸਾਗਰ ਡੈਮ ਜਿਸ ਨੂੰ ਥੀਨ ਡੈਮ ਵੀ ਕਿਹਾ ਜਾਂਦਾ ਹੈ। ਕੇਂਦਰ ਸ਼ਾਸਤ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਰਾਜ ਪੰਜਾਬ ਦੀ ਸਰਹੱਦ 'ਤੇ ਰਾਵੀ ਦਰਿਆ 'ਤੇ ਪੰਜਾਬ ਸਿੰਚਾਈ ਵਿਭਾਗ ਦੁਆਰਾ ਬਣਾਏ ਗਏ ਇੱਕ ਪਣ-ਬਿਜਲੀ ਪ੍ਰਾਜੈਕਟ ਦਾ ਹਿੱਸਾ ਹੈ। ਇਹ ਮਾਧੋਪੁਰ ਬੈਰਾਜ ਦੇ ਉੱਪਰ ਵੱਲ ਨੂੰ ਮਾਧੋਪੁਰ ਵਿਖੇ ਸਥਿਤ ਹੈ। ਜਲ ਭੰਡਾਰ ਦਾ ਇੱਕ ਵੱਡਾ ਹਿੱਸਾ, 60% ਤੱਕ, ਜੰਮੂ ਅਤੇ ਕਸ਼ਮੀਰ ਵਿੱਚ ਆਉਂਦਾ ਹੈ। ਡੈਮ ਪੰਜਾਬ ਰਾਜ ਦੇ ਪਠਾਨਕੋਟ ਅਤੇ ਜੰਮੂ ਅਤੇ ਕਸ਼ਮੀਰ ਦੇ ਕਠੂਆ ਦੋਵਾਂ ਤੋਂ 30 ਕਿਲੋਮੀਟਰ ਦੇ ਆਸਪਾਸ ਅਤੇ ਬਰਾਬਰ ਦੂਰੀ 'ਤੇ ਹੈ। ਇਸ ਪ੍ਰਾਜੈਕਟ ਦੀ ਵਰਤੋਂ ਸਿੰਚਾਈ ਅਤੇ ਬਿਜਲੀ ਉਤਪਾਦਨ ਦੋਵਾਂ ਲਈ ਕੀਤੀ ਜਾਂਦੀ ਹੈ। ਇਹ ਪ੍ਰਾਜੈਕਟ 600 ਮੈਗਾਵਾਟ ਦੀ ਸਮਰੱਥਾ ਵਾਲਾ ਪੰਜਾਬ ਦਾ ਸਭ ਤੋਂ ਵੱਡਾ ਪਣਬਿਜਲੀ ਡੈਮ ਹੈ। ਇਹਨਾਂ ਨੂੰ ਸੈਰ ਸਪਾਟਾ ਵਜੋਂ ਉਤਸ਼ਾਹਿਤ ਕਰਨ ਲਈ ਪਾਣੀ ਵਾਲੀਆਂ ਖੇਡਾਂ, ਕਿਸ਼ਤੀਆਂ ਅਤੇ ਇਸਦੇ ਆਲੇ-ਦੁਆਲੇ ਟਾਊਨਸ਼ਿਪ ਬਣਾਇਆ ਜਾ ਰਿਹਾ ਹੈ।