ਪੰਜਾਬ

punjab

ETV Bharat / state

ਪੰਜਾਬ ਅਤੇ ਹਿਮਾਚਲ ਨੂੰ ਜੋੜੇਗਾ ਰੋਪਵੇਅ ਪ੍ਰਾਜੈਕਟ, ਪ੍ਰਾਜੈਕਟ ਨੂੰ ਨੇਪਰੇ ਚਾੜਨ ਲਈ ਕਰਨਾ ਪਵੇਗਾ ਚੁਣੌਤੀਆਂ ਦਾ ਹੱਲ, ਪੜ੍ਹੋ ਖ਼ਾਸ ਰਿਪੋਰਟ - ਤਕਨੀਕੀ ਤੌਰ ਉੱਤੇ ਕਈ ਔਕੜਾਂ

ਪੰਜਾਬ ਅਤੇ ਹਿਮਾਚਲ ਨੂੰ ਜੋੜਨ ਦਾ ਕੰਮ ਹੁਣ ਸੜਕ ਨਹੀਂ ਬਲਕਿ ਰੋਪਵੇਅ ਕਰੇਗਾ। ਦੋਵਾਂ ਸੂਬਿਆਂ ਦੀ ਸਰਕਾਰਾਂ ਨੇ ਇਸ ਖ਼ਾਸ ਪ੍ਰਾਜੈਕਟ ਉੱਤੇ ਸਹਿਮਤੀ ਜਤਾਈ ਹੈ। ਇਸ ਪ੍ਰਾਜੈਕਟ ਦੇ ਆਉਣ ਨਾਲ ਕਈ ਨਵੇਂ ਅਤੇ ਦਿਲਚਸਪ ਬਦਲਾਅ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਪ੍ਰਾਜੈਕਟ ਨਾਲ ਜਿੱਥੇ ਟੂਰਿਜ਼ਮ ਵਿੱਚ ਇਜ਼ਾਫ਼ਾ ਹੋਵੇਗਾ ਉੱਥੇ ਹੀ ਆਮਦਨ ਵੀ ਵਧੇਗੀ। ਦੂਜੇ ਪਾਸੇ ਪ੍ਰਾਜੈਕਟ ਨੂੰ ਲੈਕੇ ਕਈ ਤਰ੍ਹਾਂ ਦੀਆਂ ਔਕੜਾਂ ਵੀ ਹਨ।

The ropeway project will connect Punjab and Himachal
ਪੰਜਾਬ ਅਤੇ ਹਿਮਾਚਲ ਨੂੰ ਜੋੜੇਗਾ ਰੋਪਵੇਅ ਪ੍ਰਾਜੈਕਟ, ਪ੍ਰਾਜੈਕਟ ਨੂੰ ਨੇਪਰੇ ਚਾੜਨ ਲਈ ਕਰਨਾ ਪਵੇਗਾ ਚੁਣੌਤੀਆਂ ਦਾ ਹੱਲ, ਪੜ੍ਹੋ ਖ਼ਾਸ ਰਿਪੋਰਟ

By

Published : Apr 7, 2023, 6:04 PM IST

ਚੰਡੀਗੜ੍ਹ: ਪਹਾੜਾਂ ਦੀਆਂ ਵਾਦੀਆਂ ਅਤੇ ਸ਼ੁੱਧ ਹਵਾ 'ਚ ਭਲਾ ਕੌਣ ਨਹੀਂ ਘੁੰਮਣਾ ਚਾਹੁੰਦਾ। ਹਿਮਾਚਲ ਦੀ ਖੂਬਸੂਰਤੀ ਹੁਣ ਪੰਜਾਬ ਦੇ ਵਿੱਚੋਂ ਝਲਕੇਗੀ। ਪੰਜਾਬ ਅਤੇ ਹਿਮਾਚਲ ਸਰਕਾਰ ਨੇ ਸਾਂਝੇ ਰੋਪਵੇਅ ਪ੍ਰਾਜੈਕਟ ਵਿਕਸਤ ਕਰਨ ਨੂੰ ਸਹਿਮਤੀ ਦਿੱਤੀ ਹੈ। ਇਹ ਰੋਪਵੇਅ ਪ੍ਰਾਜੈਕਟ ਸ੍ਰੀ ਅਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਅਤੇ ਪਠਾਨਕੋਟ ਤੋਂ ਡਲਹੋਜ਼ੀ ਦੇ ਖੇਤਰਾਂ ਵਿੱਚ ਵਿਕਸਤ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਇਸ ਨਾਲ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਵਿੱਚ ਵੱਡਾ ਸੁਧਾਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜੇਕਰ ਇਹ ਰੋਪਵੇਅ ਪ੍ਰਾਜੈਕਟ ਪੂਰਾ ਹੁੰਦਾ ਹੈ ਤਾਂ ਕਈ ਤਰ੍ਹਾਂ ਦੀਆਂ ਸੁਖ ਸੁਵਿਧਾਵਾਂ ਅਤੇ ਪਹਾੜਾਂ ਦੀਆਂ ਵਾਦੀਆਂ ਦਾ ਖੂਬਸੂਰਤ ਨਜ਼ਾਰਾ ਆਮ ਲੋਕਾਂ ਦੀ ਪਹੁੰਚ ਤੱਕ ਹੋਰ ਵੀ ਬਿਹਤਰ ਤਰੀਕੇ ਨਾਲ ਪਹੁੰਚ ਸਕੇਗਾ। ਇਸ ਪ੍ਰਾਜੈਕਟ ਦੇ ਆਉਣ ਤੋਂ ਬਾਅਦ ਕਈ ਤਬਦੀਲੀਆਂ ਵੀ ਹੋਣਗੀਆਂ।



ਹਿਮਾਚਲ ਅਤੇ ਪੰਜਾਬ ਨੂੰ ਜੋੜੇਗਾ ਰੋਪਵੇਅ ਪ੍ਰਾਜੈਕਟ:ਪੰਜਾਬ ਅਤੇ ਹਿਮਾਚਲ ਸਰਕਾਰ ਦਾ ਇਹ ਸਾਂਝਾ ਪ੍ਰਾਜੈਕਟ ਹੈ ਜੋ ਪੰਜਾਬ ਦੇ ਪਹਾੜੀ ਖੇਤਰਾਂ ਅਤੇ ਹਿਮਾਚਲ ਦੇ ਪਹਾੜੀ ਖੇਤਰਾਂ ਨੂੰ ਜੋੜੇਗਾ। ਨੈਣਾ ਦੇਵੀ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਸੜਕੀ ਦੂਰੀ 24.7 ਕਿਲੋਮੀਟਰ ਹੈ ਅਤੇ ਰੋਪਵੇਅ ਪ੍ਰਾਜੈਕਟ ਇਸ ਨੂੰ ਘਟਾ ਕੇ 3.5 ਕਿਲੋਮੀਟਰ ਕਰ ਦੇਵੇਗਾ। ਪ੍ਰਸਤਾਵਿਤ ਰੋਪਵੇਅ ਅਲਾਈਨਮੈਂਟ ਵਿੱਚ ਤਿੰਨ ਟਰਮੀਨਲ ਹਨ। ਜਿਨ੍ਹਾਂ ਵਿੱਚੋਂ ਇੱਕ ਪੰਜਾਬ ਵਿੱਚ ਸਥਾਪਤ ਕੀਤਾ ਜਾਵੇਗਾ ਅਤੇ ਵਿਚਕਾਰਲੇ ਅਤੇ ਵੱਡੇ ਟਰਮੀਨਲ ਹਿਮਾਚਲ ਪ੍ਰਦੇਸ਼ ਵਿੱਚ ਸਥਾਪਤ ਕੀਤੇ ਜਾਣਗੇ। ਰੋਪਵੇਅ ਦੀ ਸਮਰੱਥਾ ਪ੍ਰਤੀ ਘੰਟਾ ਘੱਟੋ-ਘੱਟ 800 ਵਿਅਕਤੀਆਂ ਨੂੰ ਪੂਰਾ ਕਰਨ ਦੀ ਹੋਵੇਗੀ। ਦੂਜੇ ਪਾਸੇ ਪਠਾਨਕੋਟ ਅਤੇ ਡਲਹੌਜ਼ੀ ਵਿਚਕਾਰ ਦੀ ਦੂਰੀ ਲਗਭਗ 83 ਕਿਲੋਮੀਟਰ ਹੈ ਅਤੇ ਸੜਕ ਦੁਆਰਾ ਇਸ ਦੂਰੀ ਨੂੰ ਪੂਰਾ ਕਰਨ ਲਈ ਅਕਸਰ ਢਾਈ ਘੰਟੇ ਦਾ ਸਮਾਂ ਲੱਗਦਾ ਹੈ। ਪਠਾਨਕੋਟ ਤੋਂ ਡਲਹੌਜ਼ੀ ਜਾਣ ਲਈ ਤਿੰਨ ਰਸਤੇ ਹਨ। ਇਸ ਰੂਟ 'ਤੇ ਅਕਸਰ ਟ੍ਰੈਫਿਕ ਹੋਣ ਕਰਕੇ ਕਈ ਵਾਰ ਦੂਰੀ ਢਾਈ ਘੰਟੇ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ। ਰੋਪਵੇਅ ਤੋਂ ਬਾਅਦ ਇਹ ਘੰਟਿਆਂ ਦਾ ਸਫ਼ਰ ਕੁਝ ਮਿੰਟਾਂ ਤੱਕ ਵੀ ਸੀਮਤ ਹੋ ਸਕਦਾ ਹੈ।




ਟੂਰਿਸਟਾਂ ਦੀ ਭਰਮਾਰ: ਟੂਰਿਸਟ ਅਫ਼ਸਰ ਕੰਵਰਦੀਪ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੰਮਕਾਜੀ ਦਿਨਾਂ ਵਿੱਚ ਅਨੰਦਪੁਰ ਸਾਹਿਬ ਅਤੇ ਵਿਰਾਸਤ ਏ ਖਾਲਸਾ ਤੋਂ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਲੱਗਭੱਗ 5000 ਹੈ ਅਤੇ ਸ਼ਨੀਵਾਰ ਤੋਂ ਐਤਵਾਰ ਦੋ ਦਿਨ ਇਹ ਗਿਣਤੀ 20,000 ਤੋਂ ਜ਼ਿਆਦਾ ਹੁੰਦੀ ਹੈ। ਹੋਲਾ-ਮਹੱਲਾ, ਗੁਰਪੁਰਬ, ਮੇਲੇ ਜਾਂ ਨਰਾਤਿਆਂ ਵਿੱਚ ਤਾਂ ਇਹ ਗਿਣਤੀ 1 ਦਿਨ ਵਿੱਚ ਲੱਖਾਂ ਤੱਕ ਹੋ ਜਾਂਦੀ ਹੈ। ਜਿਸ ਨਾਲ ਨਿਸ਼ਚਿਤ ਹੀ ਰੋਪਵੇਅ ਪ੍ਰਾਜੈਕਟ ਦਾ ਫਾਇਦਾ ਵੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਇਸ ਦੀ ਫਿਲਹਾਲ ਟੈਂਡਰ ਪ੍ਰਕਿਰਿਆ ਚੱਲ ਰਹੀ ਹੈ,ਪਰ ਪੂਰਾ ਹੋਣ ਉਪਰੰਤ ਇਕ ਤਾਂ ਸੜਕੀ ਆਵਾਜਾਈ ਘਟੇਗੀ, ਦੂਜਾ ਇਹ ਕਿ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਹੋਟਲ ਇੰਡਸਟਰੀ ਨੂੰ ਬਲ ਮਿਲੇਗਾ, ਪਹਾੜੀਆਂ ਉੱਤੇ ਕਈ ਤਰ੍ਹਾਂ ਦੇ ਪ੍ਰਾਜੈਕਟ ਵਿਕਸਿਤ ਹੋ ਸਕਣਗੇ। ਇਸ ਨਾਲ ਪਹਾੜੀ ਰਸਤਿਆਂ ਵਿੱਚ ਸੜਕੀ ਹਾਦਸਿਆਂ ਦੀ ਗਿਣਤੀ ਵਿੱਚ ਵੀ ਕਮੀ ਆਵੇਗੀ।


ਪਠਾਨਕੋਟ ਤੋਂ ਡਲਹੋਜ਼ੀ ਰੂਟ ਦੇ ਟੂਰਿਸਟ ਅਫ਼ਸਰ ਮਨਦੀਪ ਕੌਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਠਾਨਕੋਟ ਤੋਂ ਡਲਹੋਜ਼ੀ ਜਾਣ ਵਾਲੇ ਘਰੇਲੂ ਟੂਰਿਸਟਾਂ ਦੀ ਗਿਣਤੀ ਜੂਨ ਜੁਲਾਈ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਸਤੰਬਰ ਮਹੀਨੇ ਵਿਚ ਵਿਦੇਸ਼ੀ ਸੈਲਾਨੀ ਇਸ ਰੂਟ 'ਤੇ ਜ਼ਿਆਦਾ ਆਉਂਦੇ ਹਨ। ਰੋਪਵੇਅ ਪ੍ਰਾਜੈਕਟ ਆਉਣ ਨਾਲ ਲਾਜ਼ਮੀ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਸ ਰੂਟ 'ਤੇ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਰੋਪ ਵੇਅ ਆਉਣ ਨਾਲ ਇਸ ਸਮੱਸਿਆ ਦਾ ਕਾਫ਼ੀ ਹੱਦ ਤੱਕ ਹੱਲ ਹੋ ਜਾਵੇਗਾ। ਪਠਾਨਕੋਟ ਤੋਂ ਡਲਹੋਜ਼ੀ ਦੀ ਸੜਕੀ ਮਾਰਗ ਰਾਹੀਂ ਆਵਾਜਾਈ 83 ਕਿਲੋਮੀਟਰ ਦੀ ਹੈ ਜਿਸ ਦਾ ਰਸਤਾ ਪੂਰਾ ਪਹਾੜੀ ਅਤੇ ਘੁੰਮਣਘੇਰੀਆਂ ਵਾਲਾ ਹੈ, ਰੋਪਵੇਅ ਆਉਣ ਤੋਂ ਬਾਅਦ ਇਹਨਾਂ ਘੁੰਮਣਘੇਰੀਆਂ ਤੋਂ ਨਿਜਾਤ ਮਿਲੇਗੀ। ਇਸ ਰੂਟ 'ਤੇ ਸਿੰਗਲ ਅਤੇ ਖ਼ਤਰਨਾਕ ਪਹਾੜੀ ਰਸਤੇ ਹਨ ਜਿਸ ਕਰਕੇ ਸੜਕੀ ਹਾਦਸਿਆਂ ਦਾ ਖ਼ਤਰਾ ਬਹੁਤ ਜ਼ਿਆਦਾ ਹੈ। ਰੋਪਵੇਅ ਨਾਲ ਅਜਿਹਾ ਖ਼ਤਰਾ ਘੱਟ ਜਾਂਦਾ ਹੈ।




ਤਕਨੀਕੀ ਤੌਰ 'ਤੇ ਕਈ ਔਕੜਾਂ: ਮਾਹਿਰਾਂ ਦੀ ਮੰਨੀਏ ਤਾਂ ਇਸ ਰੋਪਵੇਅ ਪ੍ਰਾਜੈਕਟ ਦੇ ਫਾਇਦਿਆਂ ਵਿਚਾਲੇ ਇਸ ਦੇ ਕਈ ਨੁਕਸਾਨ ਅਤੇ ਕਈ ਤਕਨੀਕੀ ਔਕੜਾਂ ਵੀ ਹਨ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਰੋਪਵੇਅ ਪ੍ਰਾਈਵੇਟ ਹੱਥਾਂ ਵਿੱਚ ਸੌਂਪੇ ਜਾਣਗੇ ਅਤੇ ਨਿੱਜੀਕਰਨ ਦੇ ਚੱਲਦਿਆਂ ਨਿੱਜੀ ਲਾਹੇ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇਗਾ। ਇਹ ਰੋਪਵੇਅ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਵੇਗਾ ਕਿਉਂਕਿ ਇਹਨਾਂ ਦਾ ਟਿਕਟ ਖਰਚ ਆਮ ਨਾਲੋਂ ਜ਼ਿਆਦਾ ਹੁੰਦਾ ਹੈ। ਆਮ ਲੋਕਾਂ ਲਈ ਰੋਪਵੇਅ ਵਿੱਚ ਸਫ਼ਰ ਕਰਨਾ ਆਸਾਨ ਨਹੀਂ ਅਤੇ ਨਾ ਹੀ ਕੀਤਾ ਜਾ ਸਕੇਗਾ। ਰੋਪਵੇਅ ਨੂੰ ਤਕਨੀਕੀ ਤੌਰ 'ਤੇ ਹੈਂਡਲ ਕਰਨ ਲਈ ਵੀ ਬਾਰੀਕੀ ਨਾਲ ਕੰਮ ਕਰਨ ਲੋੜ ਹੈ ਜੋ ਇਕ ਹੋਰ ਚੁਣੌਤੀ ਹੈ। ਇਸ ਦਾ ਲਾਹਾ ਵੱਡੇ ਰਈਸ ਘਰਾਣਿਆਂ ਨੂੰ ਹੀ ਮਿਲ ਸਕੇਗਾ। ਵੱਡੀ ਗੱਲ ਇਹ ਕਿ ਇਸ ਦੀ ਲਾਗਤ ਉੱਤੇ ਕਈ ਹਜ਼ਾਰਾਂ ਕਰੋੜਾਂ ਦਾ ਖ਼ਰਚ ਆਵੇਗਾ ਵਿੱਤੀ ਘਾਟੇ ਵਿੱਚ ਹੁੰਦਿਆਂ ਉਹ ਕਿਵੇਂ ਕੀਤਾ ਜਾਵੇਗਾ ?





ਪੰਜਾਬ ਅਤੇ ਹਿਮਾਚਲ ਦਾ ਟੂਰਿਜ਼ਮ ਮਾਲੀਆ:ਪੰਜਾਬ ਦੇ ਮੁਕਾਬਲੇ ਹਿਮਾਚਲ ਦਾ ਟੂਰਿਸਟ ਮਾਲੀਆ ਬਹੁਤ ਜ਼ਿਆਦਾ ਹੈ। ਜੀਡੀਪੀ ਵਿੱਚ ਹਿਮਾਚਲ ਦਾ ਟੂਰਿਜ਼ਮ ਖੇਤਰ 1100 ਕਰੋੜ ਰੁਪਏ ਦਾ ਯੋਗਦਾਨ ਪਾਉਂਦਾ ਹੈ, ਹਿਮਾਚਲ ਕੁੱਲ ਘਰੇਲੂ ਉਤਪਾਦ ਦੇ 7.3% ਵਿੱਚ ਯੋਗਦਾਨ ਪਾਉਂਦਾ ਹੈ। ਸਾਲ 2019 ਦੌਰਾਨ ਹਿਮਾਚਲ ਵਿੱਚ ਲੱਗਭੱਗ 17 ਲੱਖ ਸੈਲਾਨੀ ਆਏ ਜਿਹਨਾਂ ਵਿਚੋਂ 4 ਲੱਖ ਵਿਦੇਸ਼ੀ ਸੈਲਾਨੀ ਸਨ। ਸਾਲ 2018 ਦੇ ਮੁਕਾਬਲੇ ਇਹ ਅੰਕੜਾ 5 ਪ੍ਰਤੀਸ਼ਤ ਵੱਧ ਹੈ। ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਬਜਟ ਲਈ ਸੈਰ ਸਪਾਟਾ ਅਤੇ ਸੱਭਿਆਚਾਰ ਲਈ 281 ਕਰੋੜ ਰੁਪਏ ਰੱਖੇ ਗਏ। ਸਰਕਾਰੀ ਅੰਕੜਿਆਂ ਮੁਤਾਬਿਕ 160 ਕਰੋੜ ਦੇ ਕਰੀਬ ਦਾ ਮਾਲੀਆ ਸੈਰ ਸਪਾਟੇ ਵਿਭਾਗ ਤੋਂ ਇਕੱਠਾ ਕੀਤਾ ਗਿਆ। 2019-20 ਦੇ ਅੰਕੜਿਆਂ ਮੁਤਾਬਿਕ 1.57 ਪ੍ਰਤੀਸ਼ਤ ਟੂਰਿਸਟ ਹਰ ਸਾਲ ਪੰਜਾਬ ਆਉਂਦੇ ਹਨ। ਸਾਲ 2022 ਦੌਰਾਨ ਪੰਜਾਬ ਵਿੱਚ ਕੁੱਲ 2,96,48,567 ਸੈਲਾਨੀ ਆਏ ਜਿਹਨਾਂ ਵਿਚੋਂ 2,66,40,432 ਘਰੇਲੂ ਅਤੇ 3,08,135 ਵਿਦੇਸ਼ੀ ਸੈਲਾਨੀ ਸਨ।




ਪਹਿਲਾਂ ਵੀ ਚੱਲੀ ਸੀ ਰੋਪਵੇਅ ਦੀ ਗੱਲ: ਸਾਲ 2012 ਦੌਰਾਨ ਵੀ ਪੰਜਾਬ ਅਤੇ ਹਿਮਾਚਲ ਵਿੱਚ ਰੋਪਵੇਅ ਸਮਝੌਤਾ ਹੋਇਆ ਸੀ। ਹਿਮਾਚਲ ਦੇ ਤਤਕਾਲੀ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਅਤੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਚਕਾਰ ਜੁਲਾਈ 2012 ਵਿੱਚ ਇਹ ਸਮਝੌਤਾ ਹੋਇਆ ਸੀ। ਉਸ ਸਮੇਂ ਪ੍ਰਸਤਾਵਿਤ ਪ੍ਰਾਜੈਕਟ ਦੀ ਲਾਗਤ 85 ਕਰੋੜ ਰੁਪਏ ਅਨੁਮਾਨਿਤ ਸੀ। ਹਿਮਾਚਲ ਵਿੱਚ ਸੱਤਾ ਪਰਿਵਰਤਨ ਦੌਰਾਨ ਵੀਰਭੱਦਰ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਮੱਤਭੇਦਾਂ ਦੇ ਚੱਲਦਿਆਂ ਇਹ ਪ੍ਰਾਜੈਕਟ ਠੰਡੇ ਬਸਤੇ ਵਿੱਚ ਪੈ ਗਿਆ। ਕਾਂਗਰਸ ਨੇ ਜੂਨ 2014 ਵਿੱਚ ਇਸ ਪ੍ਰਾਜੈਕਟ ਦੀ ਵਾਗਡੋਰ ਸੰਭਾਲੀ ਸੀ। ਇਸ ਨੂੰ ਮੁੱਖ ਮੰਤਰੀ ਜੈ ਰਾਮ ਠਾਕੁਰ ਦੁਆਰਾ ਮੁੜ ਸੁਰਜੀਤ ਕੀਤਾ ਗਿਆ ਸੀ ਜਿਸ ਨੇ 2018 ਵਿੱਚ ਆਪਣੇ ਪੰਜਾਬ ਦੇ ਹਮਰੁਤਬਾ ਅਮਰਿੰਦਰ ਸਿੰਘ ਨਾਲ ਇੱਕ ਨਵੇਂ ਸਮਝੌਤੇ 'ਤੇ ਦਸਤਖਤ ਕੀਤੇ ਸਨ ਪਰ ਹੁਣ ਤੱਕ ਇਹ ਪ੍ਰਾਜੈਕਟ ਨੇਪਰੇ ਨਹੀਂ ਚੜ੍ਹ ਸਕਿਆ।


ABOUT THE AUTHOR

...view details