ਲੁਧਿਆਣਾ: ਇਸ ਵਾਰ 26 ਜਨਵਰੀ ਦੀ ਪਰੇਡ ਲਈ ਚੁਣੇ ਗਏ ਲੁਧਿਆਣਾ ਦੇ ਨਾਮੀ ਗੁਰੂ ਨਾਨਕ ਸਟੇਡੀਅਮ ਵਿੱਚ ਹੁਣ ਪਰੇਡ ਨਹੀਂ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਇਹ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਖਸਤਾ ਹਾਲਤ ਵਿੱਚ ਪਹੁੰਚ ਚੁੱਕੇ ਗੁਰੂ ਨਾਨਕ ਸਟੇਡੀਅਮ ਦੇ ਸਿੰਥੈਟਿਕ ਟਰੈਕ ਨੂੰ ਥੋੜ੍ਹਾ ਸਮਾਂ ਪਹਿਲਾਂ ਹੀ ਨਵੀਂ ਨੁਹਾਰ ਦਿੱਤੀ ਹੈ। ਇਸ ਲਈ ਫਿਲਹਾਲ ਇਹ ਟਰੈਕ ਪਰੇਡ ਲਈ ਤਿਆਰ ਨਹੀਂ ਹੈ।
ਕਿਸੇ ਦਾ ਵੀ ਨਾ ਹੋਵੇ ਨੁਕਸਾਨ: ਐਕਸ ਰਾਹੀਂ ਸੀਐੱਮ ਮਾਨ ਨੇ ਕਿਹਾ ਕਿ ਲੁਧਿਆਣਾ ਦੇ ਗੁਰੂ ਨਾਨਕ ਦੇਵ ਸਟੇਡੀਅਮ ਦਾ ਸਿੰਥੈਟਿਕ ਟ੍ਰੈਕ ਦੁਬਾਰਾ ਤੋਂ ਤਿਆਰ ਕੀਤਾ ਗਿਆ ਹੈ ਅਤੇ ਕਈ ਥਾਈਂ ਕੰਮ ਹੁਣ ਵੀ ਜਾਰੀ ਹੈ। ਇਸ ਲਈ ਉਹ ਨਹੀਂ ਚਾਹੁੰਦੇ ਕਿ ਪਰੇਡ ਦੌਰਾਨ ਕਿਸੇ ਦਾ ਕੋਈ ਨੁਕਸਾਨ ਹੋਏ। ਸੁਰੱਖਿਆ ਦੇ ਮੱਦੇਨਜ਼ਰ ਸੀਐੱਮ ਮਾਨ ਨੇ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਗਰਾਊਂਡ ਵਿੱਚ 26 ਜਨਵਰੀ ਦੀ ਪਰੇਡ ਕਰਨ ਦਾ ਐਲਾਨ ਕੀਤਾ ਹੈ।
26 ਜਨਵਰੀ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ PAU ਦੀ ਗਰਾਊਂਡ ਵਿੱਚ ਹੋਵੇਗੀ..ਲੁਧਿਆਣਾ ਸਟੇਡੀਅਮ ਵਿੱਚ ਅਸੀਂ ਹੁਣੇ ਹੁਣੇ ਨਵਾਂ ਸਿੰਥੈਟਕ ਟਰੈਕ ਬਣਾਇਆ ਹੈ ਅਸੀਂ ਨਹੀਂ ਚਾਹੁੰਦੇ ਕਿ ਪਰੇਡ ਨਾਲ ਉਸਨੂੰ ਕੋਈ ਨੁਕਸਾਨ ਪਹੁੰਚੇ.ਪੂਰੇ ਪੰਜਾਬ ਚ ਕਿਤੇ ਵੀ ਸਿੰਥੈਟਕ ਟਰੈਕ ਵਾਲੇ ਗਰਾਂਉਡ ਵਿੱਚ ਪਰੇਡ ਨਹੀਂ ਹੋਵੇਗੀ..ਨਿਰਦੇਸ਼ ਜਾਰੀ.. -ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਲਿਸਟ ਆ ਚੁੱਕੀ ਹੈ ਸਾਹਮਣੇ: ਗਣਤੰਤਰ ਦਿਵਸ ਇਸ ਵਾਰ ਵੀ ਪਿਛਲੇ ਸਾਲਾਂ ਵਾਂਗ ਬੜੇ ਉਤਸ਼ਾਹ ਅਤੇ ਮਾਣ ਨਾਲ ਮਨਾਇਆ ਜਾਵੇਗਾ। 26 ਜਨਵਰੀ 2024 ਦੇ ਸਮਾਗਮ ਮੌਕੇ ਪੰਜਾਬ ਵਿੱਚ ਕੌਣ-ਕੌਣ ਅਤੇ ਕਿੱਥੇ-ਕਿੱਥੇ ਕੌਮੀ ਝੰਡਾ ਲਹਿਰਾਉਣਗੇ ਇਸ ਸਬੰਧੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ-ਪਟਿਆਲਾ (ਰਾਜ ਪੱਧਰੀ ਸਮਾਗਮ), ਮੁੱਖ ਮੰਤਰੀ ਭਗਵੰਤ ਮਾਨ-ਲੁਧਿਆਣਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ-ਬਠਿੰਡਾ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋਡੀ-ਗੁਰਦਾਸਪੁਰ ਰਾਸ਼ਟਰੀ ਝੰਡਾ ਲਹਿਰਾਉਣਗੇ। ਇਸ ਦੇ ਨਾਲ ਹੀ ਹਰਪਾਲ ਸਿੰਘ ਚੀਮਾ-ਜਲੰਧਰ, ਅਮਨ ਅਰੋੜਾ-ਅੰਮ੍ਰਿਤਸਰ, ਡਾ: ਬਲਜੀਤ ਕੌਰ-ਫਾਜ਼ਿਲਕਾ, ਗੁਰਮੀਤ ਸਿੰਘ ਮੀਤ ਹੇਅਰ-ਫਿਰੋਜ਼ਪੁਰ, ਕੁਲਦੀਪ ਸਿੰਘ ਧਾਲੀਵਾਲ-ਮਾਲੇਰਕੋਟਲਾ, ਡਾ: ਬਲਬੀਰ ਸਿੰਘ-ਸ੍ਰੀ ਮੁਕਤਸਰ ਸਾਹਿਬ, ਬ੍ਰਹਮ ਸ਼ੰਕਰ-ਮਾਨਸਾ, ਲਾਲ. ਚੰਦ.-ਫਰੀਦਕੋਟ, ਲਾਲਜੀਤ ਸਿੰਘ ਭੁੱਲਰ-ਸੰਗਰੂਰ, ਹਰਜੋਤ ਸਿੰਘ ਬੈਂਸ-ਸ.ਸ.ਸ. ਨਗਰ, ਹਰਭਜਨ ਸਿੰਘ-ਰੂਪਨਗਰ, ਚੇਤਨ ਸਿੰਘ ਜੌੜਾਮਾਜਰਾ-ਸ.ਬ.ਸ. ਨਗਰ, ਅਨਮੋਲ ਗਗਨ ਮਾਨ-ਤਰਨਤਾਰਨ, ਬਲਕਾਰ ਸਿੰਘ-ਮੋਗਾ, ਗੁਰਮੀਤ ਸਿੰਘ ਖੁੱਡੀਆਂ-ਪਠਾਨਕੋਟ ਕੌਮੀ ਝੰਡਾ ਲਹਿਰਾਉਣਗੇ। ਸਮਾਗਮ ਦੀ ਪ੍ਰਧਾਨਗੀ ਹੋਰਨਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਕਰਨਗੇ।