ਚੰਡੀਗੜ੍ਹ: ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਸੁਖਚੈਨ ਸਿੰਘ ਗਿੱਲ ਨੇ ਨਸ਼ਿਆਂ ਖ਼ਿਲਾਫ਼ ਪੰਜਾਬ ਪੁਲਿਸ ਦੀ ਕਾਰਵਾਈ ਦੀ ਹਫ਼ਤਾਵਰੀ ਰਿਪੋਰਟ ਪੇਸ਼ ਕੀਤੀ। ਜਿਸ ਵਿੱਚ ਉਹਨਾਂ ਰੱਦ ਕੀਤੇ ਅਸਲਾ ਲਾਇਸੈਂਸ ਬਾਰੇ ਵੀ ਜਾਣਕਾਰੀ ਦਿੱਤੀ। ਆਈਜੀ ਗਿੱਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜੁਲਾਈ 2022 ਤੋਂ ਮਾਰਚ ਤੱਕ ਪੰਜਾਬ ਪੁਲਿਸ ਨੇ 11360 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਹਨਾਂ ਵਿਚ 962 ਵਪਾਰਕ ਮਾਮਲਿਆਂ ਸਮੇਤ 8458 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬ ਪੁਲਿਸ ਅਸਲਾ ਲਾਇਸੈਂਸ ਰਿਵੀਊ ਕਰ ਰਹੀ ਹੈ। ਜਿਹਨਾਂ ਵਿਚ 8100 ਲਾਇਸੈਂਸ ਅਜਿਹੇ ਹਨ ਜਿਹਨਾਂ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 800 ਤੋਂ ਜ਼ਿਆਦਾ ਲਾਇਸੈਂਸ ਅਜਿਹੇ ਹਨ ਜੋ ਕਿ ਪਹਿਲਾਂ ਤੋਂ ਹੀ ਕੈਂਸਲ ਕਰ ਦਿੱਤੇ ਗਏ ਹਨ। 1460 ਲਾਇਸੈਂਸ ਅਜਿਹੇ ਹਨ ਜੋ ਕਿ ਪਹਿਲਾਂ ਹੀ ਰੱਦ ਕਰ ਦਿੱਤੇ ਗਏ ਹਨ।
ਪੁਲਿਸ ਨੇ ਨਾਕਾਬੰਦੀ ਅਭਿਆਨ ਵੀ ਚਲਾਇਆ: ਉਹਨਾਂ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਨੇ ਸੂਬੇ ਭਰ ਤੋਂ ਨਸ਼ਾ ਪ੍ਰਭਾਵਿਤ ਇਲਾਕਿਆਂ ਅਤੇ ਸੰਵੇਦਨਸ਼ੀਲ ਰੂਟਾਂ 'ਤੇ ਨਾਕਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 612.78 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀਆਂ ਟੀਮਾਂ ਦੁਆਰਾ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਸਿਰਫ਼ ਅੱਠ ਮਹੀਨਿਆਂ ਵਿੱਚ ਹੈਰੋਇਨ ਦੀ ਕੁੱਲ ਬਰਾਮਦਗੀ 760.28 ਕਿੱਲੋ ਹੋ ਗਈ ਹੈ। ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਆਈ.ਜੀ.ਪੀ. ਨੇ ਦੱਸਿਆ ਕਿ ਪੁਲਿਸ ਨੇ ਸੂਬੇ ਭਰ ਵਿੱਚੋਂ 464.18 ਕਿਲੋ ਅਫੀਮ, 586 ਕਿਲੋ ਗਾਂਜਾ, 270 ਕੁਇੰਟਲ ਭੁੱਕੀ ਅਤੇ 53.73 ਲੱਖ ਗੋਲੀਆਂ ਫਾਰਮਾ ਓਪੀਓਡਜ਼ ਦੀਆਂ ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਨੇ ਇਨ੍ਹਾਂ ਅੱਠ ਮਹੀਨਿਆਂ ਵਿਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 10.36 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।