ਚੰਡੀਗੜ੍ਹ: ਪੰਜਾਬ 'ਚ ਹਰ ਮਹੀਨੇ ਹੁਣ ਪੈਨਸ਼ਨ ਧਾਰਕਾਂ ਤੋਂ 200 ਰੁਪਏ ਵਸੂਲੇ ਜਾਣਗੇ। ਸਰਕਾਰ ਨੇ ਆਪਣੀ ਆਮਦਨ 'ਚ ਵਾਧੇ ਲਈ ਇਹ ਫ਼ੈਸਲਾ ਲਿਆ ਗਿਆ ਹੈ ਕਿ ਹਰ ਮਹੀਨੇ ਰਿਟਾਇਰਡ ਮੁਲਾਜ਼ਮਾਂ ਦੀ ਪੈਨਸ਼ਨ ਵਿੱਚੋਂ 200 ਰੁਪਏ ਟੈਕਸ ਵਸੂਲਿਆ ਜਾਵੇਗਾ। ਇਸ ਫ਼ੈਸਲੇ ਤੋਂ ਬਾਅਦ ਪੰਜਾਬ 'ਚ ਵਿਰੋਧੀ ਧਿਰਾਂ ਸਰਕਾਰ 'ਤੇ ਹਮਲਾਵਰ ਹਨ। ਕਾਂਗਰਸ ਨੇ ਤਾਂ ਪੰਜਾਬ ਦੀ ਮਾਲੀ ਹਾਲਤ ਨੂੰ ਖਸਤਾ ਕਰਾਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਿਆ ਹੈ। ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਰਕਾਰ ਦੀ ਕਿਰਕਿਰੀ ਕੀਤੀ ਹੈ। ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ।
ਰਾਜਾ ਵੜਿੰਗ ਨੇ ਪ੍ਰਸਤਾਵ ਦੀ ਕੀਤੀ ਨਿੰਦਾ:ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਵੜਿੰਗ ਨੇ ਟਵੀਟ ਵਿੱਚ ਲਿਖਿਆ ਕਿ ਭਗਵੰਤ ਮਾਨ ਲਈ ਬਿਹਤਰ ਹੋਵੇਗਾ ਜੇਕਰ 'ਆਪ' ਆਪਣੀ ਅਸਲ ਯੋਜਨਾ ਨੂੰ ਜਨਤਕ ਕਰੇ। 'ਤਬਦੀਲੀ' ਦੇ ਨਾਂ 'ਤੇ ਨਵੇਂ ਟੈਕਸ ਲਗਾ ਕੇ ਲੋਕਾਂ ਨੂੰ ਲੁੱਟਣਾ ਬੰਦ ਕਰੋ। ਪੰਜਾਬ ਕਾਂਗਰਸ ਨੇ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਅਤੇ ਸੇਵਾਮੁਕਤ ਵਿਅਕਤੀਆਂ ਤੋਂ ਪੀਐਸਡੀ ਟੈਕਸ ਵਜੋਂ 200 ਰੁਪਏ ਪ੍ਰਤੀ ਮਹੀਨਾ ਕਟੌਤੀ ਕਰਨ 'ਤੇ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ।
ਪੰਜਾਬ ਦੀ ਆਰਥਿਕ ਹਾਲਤ ਠੀਕ ਨਹੀਂ:ਕਾਮੇਡੀ ਵਿੱਚ ਭਗਵੰਤ ਮਾਨ ਦੇ ਗੁਰੂ ਰਹੇ ਨਵਜੋਤ ਸਿੱਧੂ ਨੇ ਵੀ ਆਪਣੇ ਟਵੀਟ ਨਾਲ ਸਰਕਾਰ ਨੂੰ ਕਲੀਨ ਬੋਲਡ ਕਰਨ ਦਾ ਯਤਨ ਕੀਤਾ ਹੈ। ਸਿੱਧੂ ਨੇ ਤੰਜ਼ ਭਰੇ ਲਹਿਜੇ ਨਾਲ ਜੋ ਟਵੀਟ ਕੀਤਾ ਅਤੇ ਉਸ ਵਿਚ ਲਿਖਿਆ ਕਿ ਸਰਕਾਰ ਨੇ ਭੀਖ ਮੰਗਣ ਲਈ ਕਟੋਰਾ ਫੜ ਲਿਆ ਹੈ। ਸੂਬੇ ਵਿਚ ਆਮਦਨ ਦੇ ਸ੍ਰੋਤ ਨਹੀਂ ਇਸ ਕਰਕੇ ਲੋਕਾਂ ਦੀ ਜੇਬ ਵਿੱਚੋਂ ਖ਼ਜ਼ਾਨਾ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਖ਼ਜ਼ਾਨੇ ਉੱਤੇ ਗੰਭੀਰ ਸੰਕਟ ਹੈ। ਸੱਤਾ ਹਾਸਲ ਕਰਨ ਦੇ ਮਕਸਦ ਨਾਲ ਕੀਤੇ ਗਏ ਆਪ-ਮੁਹਾਰੇ ਵਾਅਦੇ ਵੋਟਰਾਂ 'ਤੇ ਟੈਕਸ ਲਗਾ ਕੇ ਪੂਰੇ ਕੀਤੇ ਜਾ ਰਹੇ ਹਨ, ਜਦਕਿ ਮਾਫੀਆ ਸੱਤਾਧਾਰੀਆਂ ਨੂੰ ਕਮਿਸ਼ਨ ਦੇ ਕੇ ਮਾਈਨਿੰਗ, ਸ਼ਰਾਬ, ਜ਼ਮੀਨ ਅਤੇ ਟਰਾਂਸਪੋਰਟ ਰਾਹੀਂ ਪੰਜਾਬ ਦੇ ਖਜ਼ਾਨੇ 'ਚੋਂ ਮਾਲੀਆ ਕੱਢ ਰਿਹਾ ਹੈ। ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਏਗੀ?
ਪੈਟਰੋਲ ਡੀਜ਼ਲ ਤੋਂ ਬਾਅਦ ਹੁਣ ਪੈਨਸ਼ਨ 'ਤੇ ਕੱਟ: ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤਾਂ ਹਮੇਸ਼ਾ ਹੀ ਸਰਕਾਰ ਨੂੰ ਘੇਰਨ ਵਿੱਚ ਮੋਹਰੀ ਰਹਿੰਦੇ ਹਨ। ਪੈਨਸ਼ਨਾਂ ਵਿੱਚ 200 ਰੁਪਏ ਦਾ ਕੱਟ ਲਗਾਉਣ ਵਾਲੇ ਸਰਕਾਰ ਦੇ ਫ਼ੈਸਲੇ ਵਿਰੁੱਧ ਉਹਨਾਂ ਟਵੀਟ ਕਰਦਿਆਂ ਲਿਿਖਆ ਹੈ ਕਿ ਪੈਟਰੋਲ ਅਤੇ ਡੀਜ਼ਲ 'ਤੇ ਦੂਜੀ ਵਾਰ ਵੈਟ ਵਧਾਉਣ ਅਤੇ ਬਿਜਲੀ ਦਰਾਂ ਵਧਾਉਣ ਤੋਂ ਬਾਅਦ ਪੰਜਾਬ ਦੇ ਕੋਹ-ਏ-ਨੂਰ ਭਗਵੰਤ ਮਾਨ ਨੇ ਸੂਬੇ ਦੇ ਪੈਨਸ਼ਨਰਾਂ 'ਤੇ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਲਗਾਇਆ ਹੈ। ਰੇਤ ਦੀ ਖੁਦਾਈ ਤੋਂ 20,000 ਕਰੋੜ ਰੁਪਏ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ 34,000 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਵਿੱਚ ਅਸਫਲ ਰਿਹਾ ਹੈ। ਸਰਕਾਰ ਹੁਣ ਅਜਿਹੇ ਸਖ਼ਤ ਕਦਮ ਨਾਲ ਮਾਲੀਆ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੂਬੇ ਵਿੱਚ ਲੱਖਾਂ ਪੈਨਸ਼ਨਰ ਹਨ, ਜੋ ਇਸ ਨਾਲ ਪ੍ਰਭਾਵਿਤ ਹੋਣਗੇ। ਜ਼ਾਹਰ ਹੈ ਕਿ 'ਆਪ' ਕੋਲ ਪੰਜਾਬ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਕੋਈ ਟਿਕਾਊ ਰੋਡਮੈਪ ਨਹੀਂ ਹੈ।