ਪੰਜਾਬ

punjab

ETV Bharat / state

ਰੁਜ਼ਗਾਰ ਲਈ ਪੰਜਾਬ ਸਰਕਾਰ ਵੱਲੋਂ ਬ੍ਰਿਟਿਸ਼ ਕੌਂਸਲ ਨਾਲ ਸਮਝੌਤਾ, ਮੁੱਖ ਮੰਤਰੀ ਨੇ ਸਮਝੌਤੇ ਨੂੰ ਦੱਸਿਆ ਇਤਿਹਾਸਿਕ - ਪੰਜਾਬ ਵਿੱਚ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ

ਪੰਜਾਬ ਵਿੱਚ ਪੜ੍ਹੇ-ਲਿਖੇ ਨੌਜਵਾਨਾਂ ਦੇ ਪਰਵਾਸ ਕਰਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬ੍ਰਿਟਿਸ਼ ਕੌਂਸਲ ਨਾਲ ਸਮਝੌਤਾ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਉਪਰਾਲੇ ਨੂੰ ਪੰਜਾਬ ਦੇ ਨੌਜਵਾਨਾਂ ਦੀ ਭਲਾਈ ਲਈ ਇਤਿਹਾਸਕ ਕਦਮ ਦੱਸਿਆ।

The Punjab government signed an agreement with the British Council to create employment in the state
ਰੁਜ਼ਗਾਰ ਲਈ ਪੰਜਾਬ ਸਰਕਾਰ ਵੱਲੋਂ ਬ੍ਰਿਟਿਸ਼ ਕੌਂਸਲ ਨਾਲ ਸਮਝੌਤਾ, ਮੁੱਖ ਮੰਤਰੀ ਨੇ ਸਮਝੌਤੇ ਨੂੰ ਦੱਸਿਆ ਇਤਿਹਾਸਿਕ

By

Published : Jul 24, 2023, 6:57 PM IST

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਿਵੇਕਲੀ ਪਹਿਲਕਦਮੀ ਤਹਿਤ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਬ੍ਰਿਟਿਸ਼ ਕੌਂਸਲ ਐਜੂਕੇਸ਼ਨ ਇੰਡੀਆ ਪ੍ਰਾਈਵੇਟ ਲਿਮੀਟਿਡ (ਬੀ.ਸੀ.ਈ.ਆਈ.ਪੀ.ਐਲ.) ਨਾਲ ਸਮਝੌਤੇ ਉੱਤੇ ਦਸਤਖ਼ਤ ਕੀਤੇ ਗਏ ਹਨ। ਸਮਝੌਤੇ ਉੱਤੇ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਅਮਰਪਾਲ ਸਿੰਘ ਅਤੇ ਬ੍ਰਿਟਿਸ਼ ਕੌਂਸਲ ਦੇ ਐਮ.ਡੀ. ਡੰਕਨ ਵਿਲਸਨ ਨੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਚੰਡੀਗੜ੍ਹ ਵਿੱਚ ਬਰਤਾਨੀਆ ਦੇ ਡਿਪਟੀ ਹਾਈ ਕਮਿਸ਼ਨਰ ਕੈਰੋਲਾਈਨ ਰੋਵੈਟ ਨੇ ਹਸਤਾਖ਼ਰ ਕੀਤੇ।

‘ਇੰਗਲਿਸ਼ ਫਾਰ ਵਰਕ’ ਲਈ ਸਿਖਲਾਈ ਕੋਰਸ: ਇਹ ਸਮਝੌਤਾ ਨੇਪਰੇ ਚੜ੍ਹਨ ਉੱਤੇ ਉਚੇਰੀ ਸਿੱਖਿਆ ਵਿਭਾਗ ਨੂੰ ਮੁਬਾਰਕਬਾਦ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਇਹ ਦਿਨ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਉਚੇਰੀ ਸਿੱਖਿਆ ਵਿਭਾਗ ਅਧੀਨ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਲਈ ‘ਇੰਗਲਿਸ਼ ਫਾਰ ਵਰਕ’ ਲਈ ਸਿਖਲਾਈ ਕੋਰਸ ਸ਼ੁਰੂ ਕਰਨ ਦਾ ਰਾਹ ਪੱਧਰਾ ਹੋਵੇਗਾ। ਭਗਵੰਤ ਮਾਨ ਨੇ ਉਮੀਦ ਜਤਾਈ ਕਿ ਇਸ ਨਾਲ ਪੰਜਾਬ ਦੇ ਨੌਜਵਾਨਾਂ ਵਿੱਚ ਰੋਜ਼ਗਾਰ ਪੱਖੀ ਮੁਹਾਰਤ ਨਵਿਆਉਣ ਵਿੱਚ ਮਦਦ ਮਿਲੇਗੀ ਅਤੇ ਨੌਜਵਾਨ ਸਨਅਤੀ ਤੇ ਸੇਵਾ ਖੇਤਰ ਵਿੱਚ ਆਪਣੇ ਲਈ ਨੌਕਰੀਆਂ ਦੇ ਵੱਧ ਮੌਕੇ ਹਾਸਲ ਕਰ ਸਕਣਗੇ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਭਾਰਤ ਵਿੱਚ ਹੀ ਰਹਿ ਕੇ ਕੰਮ ਕਰਨ ਦਾ ਉਤਸ਼ਾਹ ਮਿਲੇਗਾ ਅਤੇ ਉਹ ਪੰਜਾਬ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਸੂਬੇ ਤੋਂ ਹੁਨਰਮੰਦ ਨੌਜਵਾਨਾਂ ਦੇ ਪਰਵਾਸ ਦੇ ਰੁਝਾਨ ਨੂੰ ਪੁੱਠਾ ਗੇੜਾ ਦੇਣ ਦੀ ਦਿਸ਼ਾ ਵਿੱਚ ਇਹ ਇੱਕ ਵੱਡਾ ਕਦਮ ਹੈ। ਭਗਵੰਤ ਮਾਨ ਨੇ ਆਖਿਆ ਕਿ ਇਸ ਪ੍ਰਾਜੈਕਟ ਦੇ ਹਿੱਸੇ ਵਜੋਂ ਵਿਦਿਆਰਥੀ ਕੰਮ ਲਈ ਅੰਗਰੇਜ਼ੀ ਦੇ ਇਕ ‘ਲੈਵਲ’ ਦੀ ਪੜ੍ਹਾਈ ਕਰਨਗੇ, ਜਿਸ ਨਾਲ ਅੰਗਰੇਜ਼ੀ ਜਾਣਨ ਕਰ ਕੇ ਉਨ੍ਹਾਂ ਵਿੱਚ ਰੋਜ਼ਗਾਰ ਪੱਖੀ ਮੁਹਾਰਤ ਪੈਦਾ ਹੋਵੇਗੀ।

ਵਿਦਿਆਰਥੀਆਂ ਲਈ ਪਾਇਲਟ ਪ੍ਰਾਜੈਕਟ: ਮੁੱਖ ਮੰਤਰੀ ਨੇ ਕਿਹਾ ਕਿ ‘ਇੰਗਲਿਸ਼ ਫਾਰ ਵਰਕ’ ਇਕ ਅਜਿਹਾ ਮਿਸ਼ਰਤ ਕੋਰਸ ਹੈ, ਜਿਸ ਵਿੱਚ ਕੰਮ ਵਰਗੇ ਅਸਲ ਹਾਲਾਤ ਵਿੱਚ ਵਰਤੀ ਜਾਣ ਵਾਲੀ ਅੰਗਰੇਜ਼ੀ ਭਾਸ਼ਾ ਸਿੱਖਣ ਉੱਤੇ ਧਿਆਨ ਕੇਂਦਰਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਿੱਚ ਲਿਸਨਿੰਗ (ਸੁਣਨ), ਰੀਡਿੰਗ (ਪੜ੍ਹਨ), ਰਾਈਟਿੰਗ (ਲਿਖਣ) ਅਤੇ ਸਪੀਕਿੰਗ (ਬੋਲਣ) ਸਮੇਤ ਵਿਆਕਰਣ, ਮੁਹਾਰਨੀ ਅਤੇ ਸ਼ਬਦਾਵਲੀ ਉੱਤੇ ਧਿਆਨ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਸਮਝੌਤੇ ਤਹਿਤ ਇਹ ਪ੍ਰਾਜੈਕਟ ਵਿਦਿਅਕ ਸੈਸ਼ਨ 2023-24 ਤੋਂ ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਪੰਜ ਹਜ਼ਾਰ ਵਿਦਿਆਰਥੀਆਂ ਲਈ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ‘ਇੰਗਲਿਸ਼ ਫਾਰ ਵਰਕ’ ਇੱਕ ਅਜਿਹਾ ਆਨਲਾਈਨ ਮਿਸ਼ਰਤ ਲਰਨਿੰਗ ਕੋਰਸ ਹੈ, ਜਿਹੜਾ ਲਾਈਵ ਇੰਟਰਐਕਟਿਵ ਕਲਾਸਾਂ ਨਾਲ ਖ਼ੁਦ ਪੜ੍ਹਨ ਦੇ ਲਚਕੀਲੇ ਸਿਧਾਂਤ ਨਾਲ ‘ਫਲਿੱਪਡ ਕਲਾਸਰੂਮ’ ਸੰਕਲਪ ਦੀ ਵਰਤੋਂ ਕਰੇਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਨਾਲ ਵਿਦਿਆਰਥੀ ਪੇਸ਼ੇਵਰ ਹਾਲਾਤ ਵਿੱਚ ਸਵੈ-ਵਿਸ਼ਵਾਸ ਨਾਲ ਆਪਣੀ ਗੱਲ ਕਹਿਣ ਲਈ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਭਗਵੰਤ ਮਾਨ ਨੇ ਅੱਗੇ ਆਖਿਆ ਕਿ ਇਸ ਵਿੱਚ ਇਕ ਅਗਾਊਂ ਮੁਲਾਂਕਣ ਪ੍ਰੀਖਿਆ ਹੋਵੇਗੀ ਤਾਂ ਕਿ ਵਿਦਿਆਰਥੀਆਂ ਦੇ ਮੌਜੂਦਾ ਪੱਧਰ ਦਾ ਪਤਾ ਲਗਾਇਆ ਜਾਵੇ। ਕੋਰਸ ਮੁਕੰਮਲ ਹੋਣ ਉੱਤੇ ਵਿਦਿਆਰਥੀਆਂ ਦਾ ਇੱਕ ਵਾਰ ਫਿਰ ਮੁਲਾਂਕਣ ਹੋਵੇਗਾ, ਜਿਸ ਮਗਰੋਂ ਉਨ੍ਹਾਂ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ। (ਪ੍ਰੈੱਸ ਨੋਟ)

ABOUT THE AUTHOR

...view details