ਚੰਡੀਗੜ੍ਹ:ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਨੂੰ ਲੈਕੇ ਸਾਰੀਆਂ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਰਤਾਰੇ ਵਿਚਕਾਰ ਹੀ ਕਾਂਗਰਸ ਹਾਈ ਕਮਾਂਡ ਵੱਲੋਂ ਵੱਖ-ਵੱਖ ਸੂਬਿਆਂ ਦੀਆਂ ਆਪਣੀਆਂ ਇਕਾਈਆਂ ਨਾਲ ਮੀਟਿੰਗਾਂ ਕਰਕੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਅੱਜ ਪੰਜਾਬ ਦੀ ਕਾਂਗਰਸ ਇਕਾਈ ਵੀ ਦਿੱਲੀ ਦਰਬਾਰ ਵਿਖੇ ਲੋਕ ਸਭਾ ਚੋਣਾਂ 2024 ਦੀ ਰਣਨੀਤੀ ਨੂੰ ਲੈਕੇ ਹਾਜ਼ਰੀ ਲਵਾਉਣ ਲਈ ਪਹੁੰਚ ਰਹੀ ਹੈ।
INDIA ਗਠਜੋੜ ਨੂੰ ਲੈਕੇ ਮੰਥਨ: ਸਾਰੀਆਂ ਵਿਰੋਧੀ ਪਾਰਟੀਆਂ ਭਾਜਪਾ ਦੇ ਜੇਤੂ ਰੱਥ ਨੂੰ ਠੱਲ ਪਾਉਣ ਲਈ ਲੋਕ ਸਭਾ ਚੋਣਾਂ 2024 ਵਿੱਚ INDIA ਗਠਜੋੜ ਰਾਹੀਂ ਇਕੱਠੇ ਹੋਕੇ ਲੜਨ ਦੀਆਂ ਤਿਆਰੀਆਂ ਕਰ ਚੁੱਕੀਆਂ ਹਨ ਪਰ ਪੰਜਾਬ ਵਿੱਚ ਕਾਂਗਰਸ ਦੀ ਇਕਾਈ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਰਨ ਲਈ ਤਿਆਰ ਨਹੀਂ ਹੈ। ਇਸ ਦਰਮਿਆਨ ਕਿਆਸਰਾਈਆਂ ਇਹ ਲਗਾਈਆਂ ਜਾ ਰਹੀਆਂ ਹਨ ਕਿ ਅੱਜ ਦੀ ਮੀਟਿੰਗ ਵਿੱਚ ਇਹ ਫੈਸਲਾ ਹੋ ਸਕਦਾ ਹੈ ਕਿ ਪੰਜਾਬ ਵਿੱਚ ਕਾਂਗਰਸ ਗਠਜੋੜ ਕਰਕੇ ਸੀਟਾਂ ਸਾਂਝੀਆਂ ਕਰਕੇ ਮੈਦਾਨ ਵਿੱਚ ਉਤਰੇਗੀ ਜਾਂ ਪੰਜਾਬ ਦੀਆਂ ਸਾਰੀਆਂ13 ਲੋਕ ਸਭਾ ਸੀਟਾਂ ਉੱਤੇ ਕਾਂਗਰਸ ਆਪਣੇ ਉਮੀਦਵਾਰ ਉਤਾਰੇਗੀ।