ਚੰਡੀਗੜ੍ਹ ਡੈਸਕ :ਸੂਬੇ ਦੀ ਮਾਨ ਸਰਕਾਰ ਨੇ ਪੰਜਾਬੀਆਂ ਲਈ ਇਕ ਹੋਰ ਇਤਿਹਾਸਿਕ ਫੈਸਲਾ ਕਰਦਿਆਂ ਸਹੂਲਤ ਦਿੱਤੀ ਹੈ। ਤਾਜਾ ਜਾਣਕਾਰੀ ਅਨੁਸਾਰ ਲੋਕਾਂ ਨੂੰ ਹੁਣ ਰੀਅਲ ਅਸਟੇਟ ਰਜਿਸਟਰੀ ਦੇ ਪੁਰਾਣੇ ਪ੍ਰੋਫਾਰਮੇ ਤੋਂ ਛੁਟਕਾਰਾ ਮਿਲ ਜਾਵੇਗਾ। ਕਿਉਂ ਕਿ ਇਸ ਫਾਰਮੈਟ ਦੀ ਭਾਸ਼ਾ ਕਾਫੀ ਗੁੰਝਲਦਾਰ ਹੈ ਅਤੇ ਇਹ ਸਮਝਣ ਵਿੱਚ ਵੀ ਮੁਸ਼ਕਿਲ ਹੁੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪ੍ਰੋਫਾਰਮੇ 'ਤੇ ਹਾਲ ਹੀ 'ਚ ਸਵਾਲ ਚੁੱਕੇ ਜਾਣ ਮਗਰੋਂ ਨਵਾਂ ਅਤੇ ਸੌਖਾ ਪ੍ਰੋਫਾਰਮਾ ਜਾਰੀ ਕੀਤਾ ਹੈ। ਇਹ ਪ੍ਰਾਫਰਮਾ ਹੁਣ ਮਾਲ ਵਿਭਾਗ ਨੇ ਰਜਿਸਟਰੀ ਲਈ ਜਾਰੀ ਕਰ ਦਿੱਤਾ ਹੈ।
ਮੁੱਖ ਮੰਤਰੀ ਨੇ 8 ਸਤਬੰਰ ਨੂੰ ਕੀਤਾ ਸੀ ਐਲਾਨ :ਇਹ ਹੀ ਯਾਦ ਰਹੇ ਕਿ 8 ਸਤੰਬਰ ਨੂੰ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਜ਼ਮੀਨ ਅਤੇ ਜਾਇਦਾਦ ਦੀ ਰਜਿਸਟਰੀ ਸਰਲ ਪੰਜਾਬੀ ਭਾਸ਼ਾ ਵਿੱਚ ਕੀਤੀ ਜਾਵੇਗੀ। ਦੂਜੇ ਪਾਸੇ ਇਸ ਤੋਂ ਪਹਿਲਾਂ ਇਸ ਵਿੱਚ ਉਰਦੂ ਅਤੇ ਫ਼ਾਰਸੀ ਸ਼ਬਦਾਂ ਦੀ ਜ਼ਿਆਦਾ ਵਰਤੋਂ ਹੁੰਦੀ ਸੀ। ਇਹ ਗੁੰਝਲਦਾਰ ਹੋਣ ਕਾਰਨ ਲੋਕਾਂ ਨੂੰ ਸਮਝਣ ਵਿਚ ਔਖ ਹੁੰਦੀ ਸੀ। ਹੁਣ ਸਰਕਾਰ ਨੇ ਇਸੇ ਦਾ ਹੱਲ ਕਰਦਿਆਂ ਨਵਾਂ ਪੰਜਾਬੀ ਵਾਲਾ ਫਾਰਮੈਟ ਜਾਰੀ ਕੀਤਾ ਹੈ।