ਚੰਡੀਗੜ੍ਹ:ਸੂਬੇ ਦੇ ਨੌਜਵਾਨਾਂ ਨੂੰ ਉਦਯੋਗਾਂ ਲਈ ਲੋੜੀਂਦੀ ਹੁਨਰ ਸਿਖਲਾਈ ਦੇ ਕੇ ਰੋਜ਼ਗਾਰ ਦੇ ਕਾਬਿਲ ਅਤੇ ਵਧੀਆ ਕਮਾਈ ਦੇ ਯੋਗ ਬਣਾਉਣ ਵਾਸਤੇ (Punjab Skill Development Mission) ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਨੇ ਟ੍ਰੇਨਿੰਗ ਪਾਰਟਰਨਰਾਂ, ਜਿਨ੍ਹਾਂ ਕੋਲ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਅਤੇ ਉਹਨਾਂ ਨੂੰ ਰੋਜ਼ਗਾਰ ਦੇ ਯੋਗ ਬਣਾਉਣ ਦਾ ਵਿਜ਼ਨ ਹੋਵੇ, ਨੂੰ ਸੂਚੀਬੱਧ (ਇੰਪੈਨਲ) ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।
ਹੁਨਰਮੰਦ ਵਰਕਫੋਰਸ: ਇਹ ਜਾਣਕਾਰੀ ਸਾਂਝੀ ਕਰਦਿਆਂ ਅੱਜ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪੀ.ਐਸ.ਡੀ.ਐਮ. ਨੇ ਐਕਸਪ੍ਰੈਸ਼ਨ ਆਫ਼ ਇਨਟਰਸਟ (ਈ.ਓ.ਆਈ.) 7.0 ਜਾਰੀ ਕੀਤਾ ਹੈ, ਜੋ ਦਿਲਚਸਪੀ ਰੱਖਣ ਵਾਲੀਆਂ ਸੰਸਥਾਵਾਂ ਦੀ ਸਮੀਖਿਆ ਲਈ https://eproc.punjab.gov.in 'ਤੇ ਉਪਲਬਧ ਹੈ। ਇੱਛੁਕ ਸੰਸਥਾਵਾਂ 4 ਅਕਤੂਬਰ 2023 ਬਾਅਦ ਦੁਪਹਿਰ 3 ਵਜੇ ਤੱਕ ਅਪਲਾਈ ਕਰ ਸਕਦੀਆਂ ਹਨ। ਈ.ਓ.ਆਈ. ਤਜਰਬੇਕਾਰ ਅਤੇ ਨਾਮਵਰ ਟ੍ਰੇਨਿੰਗ ਪਾਰਟਰਨਰਾਂ ਦੀ ਪਛਾਣ ਕਰਦਾ ਹੈ ਜੋ ਵੱਖ-ਵੱਖ ਖੇਤਰਾਂ ਵਿੱਚ ਉੱਚ-ਗੁਣਵੱਤਾ ਹੁਨਰ ਵਿਕਾਸ ਪ੍ਰੋਗਰਾਮ ਚਲਾਉਣ ਲਈ ਪੀ.ਐਸ.ਡੀ.ਐਮ. ਨਾਲ ਮਿਲ ਕੇ ਕੰਮ ਕਰਨਗੇ। ਇਹਨਾਂ ਪ੍ਰੋਗਰਾਮਾਂ ਨੂੰ ਇਸ ਢੰਗ ਨਾਲ ਤਿਆਰ ਕੀਤਾ ਜਾਣਾ ਹੈ ਕਿ ਨੌਜਵਾਨਾਂ ਨੂੰ ਆਪਣੇ ਕਰੀਅਰ ਵਿੱਚ ਸਫ਼ਲਤਾ ਹਾਸਲ ਕਰਨ ਲਈ ਵੱਖ-ਵੱਖ ਹੁਨਰ ਅਤੇ ਗਿਆਨ ਨਾਲ ਲੈਸ ਕੀਤੀ ਜਾ ਸਕੇ। ਵਿਭਾਗ ਦੇ ਅਧਿਕਾਰੀਆਂ ਨੂੰ ਹੁਨਰਮੰਦ ਵਰਕਫੋਰਸ ਅਤੇ ਉਦਯੋਗਾਂ ਦੀ ਲੋੜ ਵਿਚਕਾਰਲੇ ਪਾੜੇ ਨੂੰ ਪੂਰਨ ‘ਤੇ ਧਿਆਨ ਕੇਂਦਰਿਤ ਕਰਨ ਲਈ ਆਖਦਿਆਂ ਸ੍ਰੀ ਅਮਨ ਅਰੋੜਾ ਨੇ ਨਿਰਦੇਸ਼ ਦਿੱਤੇ ਕਿ ਸੂਚੀਬੱਧ ਕਰਨ ਦੀ ਪ੍ਰਕਿਰਿਆ ਪਾਰਦਰਸ਼ੀ ਅਤੇ ਮੁਕਾਬਲੇ ਵਾਲੀ ਹੋਣੀ ਚਾਹੀਦੀ ਹੈ।