ਚੰਡੀਗੜ੍ਹ:ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਉਸ ਦੇ ਸਾਥੀਆਂ ਦੀ ਨਕੇਲ ਕੱਸਣ ਲਈ ਓਪਰੇਸ਼ਨ ਚਲਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਮੁਖੀ ਬਲਜਿੰਦਰ ਸਿੰਘ ਪਰਵਾਨਾ ਨੂੰ ਰਾਜਪੁਰਾ ਪੁਲਿਸ ਵੱਲੋਂ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਬਲਜਿੰਦਰ ਸਿੰਘ ਪਰਵਾਨਾ ਨੇ ਆਪਣੇ ਸੋਸ਼ਲ ਮੀਡੀਆ ਪੇਜ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਪੇਜ ਉੱਤੇ ਫੋਟੋ ਸ਼ੇਅਰ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਪੁਲਿਸ ਨੇ ਬਰਨਾਲਾ ਦੇ ਪਿੰਡ ਚੀਮਾ ਦੇ ਗੁਰਦੁਆਰਾ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦਾ ਇੱਕ ਹੋਰ ਸਾਥੀ ਬਸੰਤ ਸਿੰਘ ਹਿਰਾਸਤ ਵਿੱਚ ਲਿਆ ਹੈ ਅਤੇ ਇਸ ਸਬੰਧੀ ਜਾਣਕਾਰੀ ਸੀਆਈਆਈ ਅਧਿਕਾਰੀਆਂ ਤੋਂ ਲਈ ਗਈ ਹੈ ਜਦਕਿ ਪੁਲਿਸ ਇਸ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਅੰਮ੍ਰਿਤਸਰ ਵਿੱਚ ਵੱਖ-ਵੱਖ ਥਾਵਾਂ ਤੋਂ ਅੰਮ੍ਰਿਤਪਾਲ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ ਦੇ ਪਿੰਡ ਬਲਸਰਨ ਜੋਧਾ ਦਾ ਰਹਿਣ ਵਾਲਾ ਹਰਮੇਲ ਸਿੰਘ ਜੋਧਾਂ ਅਤੇ ਸ਼ੇਰੋਂ ਪਿੰਡ ਦਾ ਹਰਚਰਨ ਸਿੰਘ ਸ਼ਾਮਲ ਹੈ।
ਅੰਮ੍ਰਿਤਪਾਲ ਦੇ ਸਾਥੀਆਂ ਦੀ ਭੜਕਾਊ ਅਪੀਲ: ਦੱਸ ਦਈਏ ਅੰਮ੍ਰਿਤਪਾਲ ਨੂੰ ਜਦੋਂ ਪੁਲਿਸ ਨੇ ਘੇਰਾ ਪਾਇਆ ਤਾਂ ਉਹ ਆਪਣੇ ਸਾਥੀ ਨਾਲ ਲਿੰਕ ਰੋਡ ਉੱਤੇ ਗੱਡੀ ਪਾਕੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਅੰਮ੍ਰਿਤਪਾਲ ਦੇ ਨਾਲ ਕਾਰ ਵਿੱਚ ਬੈਠੇ ਇੱਕ ਸਾਥੀ ਨੇ ਆਪਣੇ ਮੋਬਾਇਲ ਰਾਹੀਂ ਵੀਡੀਓ ਬਣਾਈ ਅਤੇ ਅਪੀਲ ਕੀਤੀ ਕਿ ਉਨ੍ਹਾਂ ਦਾ ਪੁਲਿਸ ਪਿੱਛਾ ਕਰ ਰਹੀ ਹੈ। ਉਸ ਨੇ ਵੀਡੀਓ ਵਿੱਚ ਇਹ ਵੀ ਕਿਹਾ ਕਿ ਉਹ ਆਪਣੀ ਲਾਈਵ ਲੁਕੇਸ਼ਨ ਭੇਜ ਰਿਹਾ ਹੈ ਅਤੇ ਸੰਗਤ ਵੱਧ ਤੋਂ ਵੱਧ ਗਿਣਤੀ ਵਿੱਚ ਇਕੱਠੀ ਹੋ ਕੇ ਅੰਮ੍ਰਿਤਪਾਲ ਦੀ ਮਦਦ ਲਈ ਪਹੁੰਚੇ। ਇਸ ਤੋਂ ਬਾਅਦ ਅੰਮ੍ਰਿਤਪਾਲ ਦੇ ਇੱਕ ਹੋਰ ਸਾਥੀ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਹੋਕੇ ਕਿਹਾ ਕਿ ਅੰਮ੍ਰਿਤ ਸੰਚਾਰ ਦੇ ਸਮਾਗਮ ਉੱਤੇ ਜਾ ਰਹੇ ਅੰਮ੍ਰਿਤਪਾਲ ਨੂੰ ਪੁਲਿਸ ਨੇ ਘੇਰਾ ਪਾ ਲਿਆ ਹੈ ਅਤੇ ਲੋਕ ਜ਼ਿਆਦਾ ਤੋਂ ਜ਼ਿਆਦਾ ਵੱਡੀ ਗਿਣਤੀ ਵਿੱਚ ਪਹੁੰਚ ਕੇ ਅੰਮ੍ਰਿਤਪਾਲ ਦੀ ਮਦਦ ਲਈ ਇਕੱਠੇ ਹੋਣ।