ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਛਮਿੰਦਰ ਸਿੰਘ ਨਾਲ ਗੱਲਬਾਤ ਚੰਡੀਗੜ੍ਹ: ਪੰਜਾਬ 'ਚ ਜਦੋਂ ਹਰੀ ਕ੍ਰਾਂਤੀ ਆਈ ਤਾਂ ਪੂਰੇ ਦੇਸ਼ ਦਾ ਅੰਨ ਭੰਡਾਰ ਭਰਨ ਦਾ ਸਿਹਰਾ ਪੰਜਾਬ ਸਿਰ ਗਿਆ। ਪੰਜਾਬ 'ਚ ਕਣਕ ਅਤੇ ਝੋਨੇ ਦੀ ਪੈਦਾਵਾਰ ਨੇ ਸਾਰੇ ਰਿਕਾਰਡ ਤੋੜ ਦਿੱਤੇ। ਪਰ ਪੰਜਾਬ ਦੀ ਆਪਣੀ ਬਦਕਿਸਮਤੀ ਇਹ ਰਹੀ ਕਿ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਨਾਲ ਪੰਜਾਬੀ ਜਕੜੇ ਗਏ। 1980 ਤੋਂ ਬਾਅਦ ਪੰਜਾਬ 'ਚ ਲਗਾਤਾਰ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਗਈ। ਹਾਲ ਇਹ ਹੈ ਕਿ ਪੰਜਾਬ ਦੇ ਮਾਲਵਾ ਇਲਾਕੇ ਨੂੰ ਕੈਂਸਰ ਬੈਲਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਕੈਂਸਰ ਦੇ ਪ੍ਰਭਾਵ 'ਤੇ ਖੋਜ ਵਿੱਚ ਖਤਰਨਾਕ ਤੱਥ:ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਛਮਿੰਦਰ ਸਿੰਘ ਨੇ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਵਿਚ ਕੈਂਸਰ ਦੇ ਪ੍ਰਭਾਵ 'ਤੇ ਖੋਜ ਕੀਤੀ। ਜਿਸਦੇ ਵਿੱਚ ਦਿਲ ਨੂੰ ਝੰਜੋੜ ਦੇਣ ਵਾਲੇ ਤੱਥ ਸਾਹਮਣੇ ਆਏ। ਕੈਂਸਰ ਦੇ ਮਰੀਜ਼ ਅਜਿਹਾ ਸੰਤਾਪ ਹੰਢਾਅ ਰਹੇ ਹਨ ਕਿ ਕੈਂਸਰ ਦਾ ਨਾਂ ਹੀ ਨਹੀਂ ਲੈਣਾ ਚਾਹੁੰਦੇ। ਖੋਜ ਵਿਚ ਇਹ ਸਾਹਮਣੇ ਆਇਆ ਹੈ ਕਿ ਹਰੀਕ੍ਰਾਂਤੀ ਪੰਜਾਬ ਵਿੱਚ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਕਾਰਨ ਬਣੀ। ਇਹ ਖੋਜ ਪੰਜਾਬ ਦੇ ਮੁਕਸਤਰ, ਫਰੀਦਕੋਟ, ਮਾਨਸਾ ਅਤੇ ਬਠਿੰਡਾ ਜ਼ਿਲ੍ਹੇ 'ਤੇ ਅਧਾਰਿਤ ਹੈ।
ਇਸਦੇ ਵਿਚ ਕੋਈ ਸ਼ੱਕ ਨਹੀਂ ਕਿ ਖੇਤੀ ਵਿੱਚ ਵੱਡੀ ਕ੍ਰਾਂਤੀ ਆਉਣ ਤੋਂ ਬਾਅਦ ਪੰਜਾਬ ਵਿਚ ਕਣਕ, ਝੋਨੇ ਅਤੇ ਕਪਾਹ ਦੀ ਸਭ ਤੋਂ ਵੱਡੀ ਪੈਦਾਵਾਰ ਹੋਣੀ ਸ਼ੁਰੂ ਹੋਈ। ਪੰਜਾਬ 'ਚ ਦੇਸ਼ ਦਾ 22 ਪ੍ਰਤੀਸ਼ਤ ਹਿੱਸਾ ਕਣਕ, 12 ਪ੍ਰਤੀਸ਼ਤ ਝੋਨਾ ਅਤੇ 13 ਪ੍ਰਤੀਸ਼ਤ ਕਪਾਹ ਦੀ ਪੈਦਾਵਾਰ ਸਿਰਫ਼ ਪੰਜਾਬ 'ਚ ਹੁੰਦੀ ਹੈ। ਉਥੇ ਪੰਜਾਬ 'ਚ ਕੈਂਸਰ ਦੇ ਮਰੀਜ਼ਾਂ ਨਾਲ ਹਸਪਤਾਲ ਭਰ ਰਹੇ ਹਨ। ਚੰਡੀਗੜ੍ਹ, ਦਿੱਲੀ ਅਤੇ ਬੀਕਾਨੇਰ ਕੈਂਸਰ ਦਾ ਇਲਾਜ ਕਰਵਾਉਣ ਲਈ ਜਾਣ ਵਾਲੇ ਮਰੀਜ਼ ਜ਼ਿਆਦਾਤਰ ਪੰਜਾਬ ਨਾਲ ਸਬੰਧਿਤ ਹੁੰਦੇ ਹਨ।
ਜਿਸਦਾ ਕਾਰਨ ਇਹ ਹੈ ਕਿ ਫ਼ਸਲਾਂ 'ਤੇ ਕੈਮੀਕਲ, ਪੈਸਟੀਸਾਈਡਜ਼, ਫਰਟੀਲਾਈਜ਼ਰ ਅਤੇ ਐਨਪੀਕੇ ਦਾ ਛਿੜਕਾਅ ਜ਼ਿਆਦਾ ਹੋਣ ਲੱਗ ਗਿਆ ਜੋ ਪਾਣੀ ਅਤੇ ਅਨਾਜ ਵਿਚ ਮਿਲਕੇ ਸਰੀਰ ਨੂੰ ਖ਼ਰਾਬ ਕਰ ਰਹੇ ਹਨ। 2005 ਵਿਚ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਵੱਲੋਂ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਖੇਤੀਬਾੜੀ ਵਿਚ ਵਰਤੇ ਜਾਣ ਵਾਲੇ ਪੈਸਟੀਸਾਈਡਜ਼ ਦੇ 28 ਸੈਂਪਲ ਲਏ ਗਏ। 28 ਵਿਚੋਂ 15 ਸੈਂਪਲ ਸਥਾਨਕ ਲੋਕਾਂ ਦੇ ਖੂਨ ਵਿਚੋਂ ਮਿਲੇ।
1980 ਤੋਂ ਪੰਜਾਬ 'ਚ ਵਧਿਆ ਕੈਂਸਰ ਦਾ ਪ੍ਰਭਾਵ:ਖੋਜ ਵਿਚ ਸਾਹਮਣੇ ਆਇਆ ਹੈ ਕਿ 1980 ਤੋਂ ਬਾਅਦ ਪੰਜਾਬ 'ਚ ਕੈਂਸਰ ਦੇ ਮਰੀਜ਼ ਵੱਧਣੇ ਸ਼ੁਰੂ ਹੋਏ। 1970 ਤੋਂ ਫ਼ਸਲਾਂ ਦੀ ਪੈਦਾਵਾਰ ਰਿਕਾਰਡ ਤੋੜ ਹੋਈ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਝਾੜ ਲੈਣ ਲਈ ਕਿਸਾਨਾਂ ਦਾ ਰੁਝਾਨ ਕੈਮੀਕਲਸ ਅਤੇ ਫਰਟੀਲਾਈਜ਼ਰਸ ਦੇ ਛਿੜਕਾਅ ਵੱਲ ਵਧਿਆ। ਕਪਾਹ ਦੀ ਫ਼ਸਲ ਨੂੰ ਇਕ ਦਿਨ ਵਿੱਚ ਤਿੰਨ-ਤਿੰਨ ਫਰਟੀਲਾਈਜ਼ਰਸ ਦਾ ਛਿੜਕਾਅ ਕੀਤਾ ਜਾਂਦਾ ਰਿਹਾ।
ਜਿਸਦਾ ਐਨਾ ਮਾੜਾ ਪ੍ਰਭਾਵ ਪਿਆ ਕਿ ਬਠਿੰਡਾ ਦੇ ਇਕ ਪਿੰਡ ਵਿਚ ਇਕੋ ਮਹੀਨੇ ਅੰਦਰ 12 ਲੋਕਾਂ ਦੀ ਚਮੜੀ ਦੇ ਕੈਂਸਰ ਨਾਲ ਮੌਤ ਹੋਈ ਸੀ।ਵੈਸੇ ਤਾਂ ਸਰਕਾਰੀ ਅੰਕੜਿਆਂ ਮੁਤਾਬਿਕ ਕੈਂਸਰ ਮਰੀਜ਼ਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ। ਪਰ ਚਾਰ ਜ਼ਿਿਲਆਂ ਵਿਚ ਕੀਤੀ ਇਸ ਖੋਜ ਦੇ ਅਧਾਰ 'ਤੇ ਫਰੀਦਕੋਟ, ਮਾਨਸਾ, ਬਠਿੰਡਾ ਅਤੇ ਮੁਕਤਸਰ ਵਿਚ 300 ਦੇ ਕਰੀਬ ਅਜਿਹੇ ਮਰੀਜ਼ ਹਨ ਜੋ ਕੈਂਸਰ ਤੋਂ ਪੀੜਤ ਹਨ ਅਤੇ ਜ਼ਿੰਦਗੀ ਮੌਤ ਦੀ ਲੜਾਈ ਲੜ੍ਹ ਰਹੇ ਹਨ। 2000 ਵਿਅਕਤੀ ਅਜਿਹੇ ਹਨ, ਜਿਹਨਾਂ ਦੀ ਕੈਂਸਰ ਨਾਲ ਜਾਨ ਚਲੀ ਗਈ।
ਮਾਲਵਾ ਬੈਲਟ ਵਿੱਚ ਕੈਂਸਰ ਦਾ ਵੱਧ ਪ੍ਰਭਾਵ ਪੰਜਾਬ 'ਚ ਕੈਂਸਰ ਦੇ ਮਰੀਜ਼ਾਂ ਦੇ ਹਾਲਾਤ ਤਰਸਯੋਗ :-ਛਮਿੰਦਰ ਦੀ ਖੋਜ ਨੇ ਕੈਂਸਰ ਨਾਲ ਜੰਗ ਲੜ੍ਹ ਰਹੇ ਮਰੀਜ਼ਾਂ ਦੇ ਤਰਸਯੋਗ ਅਤੇ ਖੌਫ਼ਨਾਕ ਹਾਲਾਤ ਬਿਆਨ ਕੀਤੇ ਹਨ। ਕੈਂਸਰ ਤੋਂ ਪੀੜਤ ਮਰੀਜ਼ ਸਰੀਰਕ ਦੇ ਨਾਲ ਨਾਲ ਮਾਨਸਿਕ ਸੰਤਾਪ ਵੀ ਹੰਢਾਅ ਰਹੇ ਹਨ। ਉਹਨਾਂ ਅੰਦਰ ਖੌਫ ਨੇ ਇਸ ਕਦਰ ਘਰ ਕਰ ਲਿਆ ਹੈ ਕਿ ਉਹ ਕੈਂਸਰ ਦਾ ਨਾਂ ਲੈਣਾ ਵੀ ਪਸੰਦ ਨਹੀਂ ਕਰਦੇ। ਬਲਕਿ ਦੂਜੀ ਬਿਮਾਰੀ ਕਹਿ ਕੇ ਸੰਬੋਧਨ ਕਰਦੇ ਹਨ। ਮਰੀਜ਼ਾਂ ਦੀ ਵਿੱਤੀ ਹਾਲਤ ਇੰਨੀ ਪਤਲੀ ਹੈ ਕਿ ਉਹ ਆਪਣੀ ਦੋ ਵਕਤ ਦੀ ਰੋਟੀ ਤੋਂ ਮੁਹਤਾਜ ਹਨ। ਸਾਰਾ ਪੈਸਾ ਕੈਂਸਰ ਦੇ ਇਲਾਜ ਵਿਚ ਲੱਗ ਜਾਂਦਾ ਹੈ।
ਕੈਂਸਰ ਦੇ ਇਲਾਜ ਲਈ ਕਈਆਂ ਨੇ ਆਪਣੇ ਖੇਤੀ ਸੰਦ, ਜ਼ਮੀਨ ਵੇਚੀ, ਘਰ ਵੇਚੇ ਅਤੇ ਕਈਆਂ ਨੇ ਆਪਣੇ ਗਹਿਣੇ ਵੇਚ ਕੇ ਆਪਣਾ ਜਾਂ ਆਪਣੇ ਕੈਂਸਰ ਤੋਂ ਪੀੜਤ ਪਰਿਵਾਰਿਕ ਮੈਂਬਰ ਦਾ ਇਲਾਜ ਕਰਵਾਇਆ। ਕੈਂਸਰ ਦੀ ਮਾਰ ਹੇਠ ਗਰੀਬ ਅਤੇ ਮਜ਼ਦੂਰ ਪਰਿਵਾਰਾਂ ਨੇ ਆਪਣੇ ਪਸ਼ੂ ਵੇਚੇ। ਇਹਨਾਂ ਸਾਰੀਆਂ ਚੁਣੌਤੀਆਂ ਨੇ ਨਾਲ ਉਹਨਾਂ ਲਈ ਜ਼ਿੰਦਗੀ ਬਸਰ ਕਰਨੀ ਔਖੀ ਹੋ ਗਈ ਹੈ। ਕਈਆਂ 'ਤੇ ਤਾਂ ਇਹਨਾਂ ਜ਼ਿਆਦਾ ਦਬਾਅ ਸੀ ਕਿ ਉਹਨਾਂ ਨੇ ਖੁਦਕੁਸ਼ੀ ਕਰ ਲਈ।
ਸਰੀਰਕ ਤੇ ਮਾਨਸਿਕ ਸੰਤਾਪ ਦੇ ਨਾਲ-ਨਾਲ ਸਮਾਜਿਕ ਸੰਤਾਪ ਵੀ:ਕੈਂਸਰ ਨਾਲ ਪੀੜਤ ਲੋਕਾਂ ਦੀ ਦੁੱਖਭਰੀ ਦਾਸਤਾਨ ਤਾਂ ਇਹ ਵੀ ਹੈ ਕਿ ਸਰੀਰਕ ਅਤੇ ਮਾਨਸਿਕ ਸੰਤਾਪ ਦੇ ਨਾਲ ਨਾਲ ਉਹ ਸਮਾਜਿਕ ਸੰਤਾਪ ਵੀ ਹੰਢਾਅ ਰਹੇ ਹਨ। ਕੁਝ ਖੇਤਰ ਤਾਂ ਅਜਿਹੇ ਹਨ, ਜਿੱਥੇ ਲੜਕੀਆਂ ਅਤੇ ਲੜਕਿਆਂ ਦੇ ਰਿਸ਼ਤੇ ਹੋਣੇ ਬੰਦ ਹੋ ਗਏ। ਇਹਨਾਂ ਖੇਤਰਾਂ ਵਿੱਚ ਜਦੋਂ ਵੀ ਵਿਆਹ, ਭੋਗ ਜਾਂ ਕੋਈ ਹੋਰ ਸਮਾਗਮ ਹੁੰਦਾ ਹੈ ਤਾਂ ਉੱਥੇ ਆਉਣ ਵਾਲੇ ਰਿਸ਼ਤੇਦਾਰ ਆਪਣਾ ਖਾਣਾ ਤੇ ਪਾਣੀ ਆਪਣੇ ਨਾਲ ਲੈ ਕੇ ਆਉਂਦੇ ਹਨ।
ਖੇਤੀ ਤਕਨੀਕਾਂ ਬਦਲ ਕੇ ਕੈਂਸਰ ਤੋਂ ਮੁਕਤੀ :- ਖੇਤੀ ਵਿਚੋਂ ਪੈਦਾ ਹੋਇਆ ਕੈਂਸਰ ਖੇਤੀ ਦੀ ਤਕਨੀਕ ਬਦਲ ਕੇ ਮੁਕਾਇਆ ਜਾ ਸਕਦਾ ਹੈ। ਲੋੜ ਹੈ ਕਿ ਖੇਤੀ ਨੂੰ ਕੈਮੀਕਲ ਅਤੇ ਖ਼ਤਰਨਾਕ ਸਪਰੇਆਂ ਤੋਂ ਮੁਕਤ ਕੀਤਾ ਜਾਵੇ। ਪੀਕਿਊਐਨਕੇ ਖੇਤੀ ਤਕਨੀਕ ਰਾਹੀ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਕੁਦਰਤੀ ਪ੍ਰਕਿਿਰਆ ਰਾਹੀਂ ਫ਼ਸਲ ਪੈਦਾ ਹੁੰਦੀ ਹੈ। ਜਿਸ ਨਾਲ ਸਰੀਰ 'ਤੇ ਨਕਰਾਤਮਕ ਪ੍ਰਭਾਵ ਪੈਦਾ ਨਹੀਂ ਹੁੰਦੇ। ਇਸ ਤੋਂ ਇਲਾਵਾ ਬਾਜਰਾ ਅਤੇ ਹੋਰ ਮੂਲ ਅਨਾਜ ਉਗਾਉਣ ਅਤੇ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ। ਖੇਤੀ ਮਾਡਲ ਵੀ ਜਿੰਨੀ ਛੇਤੀ ਹੋ ਸਕੇ ਬਦਲਣਾ ਚਾਹੀਦਾ ਹੈ ਪੈਦਾਵਾਰ ਪਿੱਛੇ ਭੱਜਣ ਦੀ ਥਾਂ ਫ਼ਸਲ ਦੀ ਕੁਆਲਿਟੀ ਵੱਲ ਧਿਆਨ ਦੇਣਾ ਚਾਹੀਦਾ ਹੈ।