ਚੰਡੀਗੜ੍ਹ: ਉੱਚ ਸਿੱਖਿਆ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant maan) ਦੀ ਅਗਵਾਈ ਹੇਠਲੀ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ ਅਤੇ ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਉੱਚ ਸਿੱਖਿਆ ਦੇਣ ਲਈ ਸਰਕਾਰੀ ਕਾਲਜਾਂ ਦੇ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਹ ਗੱਲ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਸੈਕਟਰ 26 ਸਥਿਤ ਮੈਗਸੀਪਾ ਵਿਖੇ ਸੂਬੇ ਦੇ ਸਮੂਹ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਦੌਰਾਨ ਕਹੀ।
ਇਸੇ ਦੌਰਾਨ ਮੀਤ ਹੇਅਰ ਨੇ ਕਿਹਾ ਕਿ ਸਰਕਾਰੀ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਸਰਕਾਰੀ ਕਾਲਜਾਂ ਵਿੱਚ ਉਦਯੋਗਾਂ ਦੀਆਂ ਮੌਜੂਦਾ ਲੋੜਾਂ ਅਨੁਸਾਰ ਨਵੇਂ ਕੋਰਸ ਸ਼ੁਰੂ ਕਰਨ ਅਤੇ ਰੋਜ਼ਗਾਰ ਮੁਖੀ ਸਿੱਖਿਆ ਉਤੇ ਧਿਆਨ ਦੇਣ ਲਈ ਜ਼ੋਰ ਦਿੱਤਾ। ਉਨ੍ਹਾਂ ਨਵੇਂ ਖੋਲ੍ਹੇ ਗਏ ਕਾਲਜਾਂ ਦੀ ਸਮੀਖਿਆ ਕਰਦਿਆਂ ਵਿਦਿਆਰਥੀਆਂ ਦੀ ਗਿਣਤੀ ਦਾ ਵੀ ਅਧਿਐਨ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਸੈਸ਼ਨ ਵਿੱਚ ਸਰਕਾਰੀ ਕਾਲਜਾਂ ਵਿੱਚ ਦਾਖਲੇ ਹੋਰ ਵਧਾਉਣ ਉਤੇ ਜ਼ੋਰ ਦਿੱਤਾ ਜਾਵੇ। ਇਸ ਵਿਦਿਅਕ ਸੈਸ਼ਨ 2022-23 ਵਿੱਚ ਪਿਛਲੇ ਸੈਸ਼ਨ 2021-22 ਨਾਲੋਂ ਦਾਖਲਿਆਂ ਵਿੱਚ ਵਾਧਾ ਹੋਇਆ।