ਚੰਡੀਗੜ੍ਹ: ਕਸ਼ਮੀਰੀ ਪੰਡਿਤਾਂ 'ਤੇ ਵਿਵੇਕ ਅਗਨੀਹੋਤਰੀ ਦੇ ਨਿਰਦੇਸ਼ਨ 'ਚ ਬਣੀ ਬਾਲੀਵੁੱਡ ਫਿਲਮ 'ਦਿ ਕਸ਼ਮੀਰ ਫਾਈਲਜ਼' ਦੇਸ਼ ਭਰ 'ਚ ਕਾਫੀ ਧੂਮ ਮਚਾ ਰਹੀ ਹੈ। ਫਿਲਮ ਨੇ ਹਫਤੇ ਦੇ ਅੰਤ ਤੱਕ 100 ਕਰੋੜ ਦਾ ਅੰਕੜਾ ਪਾਰ ਕਰਕੇ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜ ਦਿੱਤੇ ਹਨ।
ਇਸ ਦੇ ਨਾਲ ਹੀ ਕਈ ਰਾਜਾਂ ਨੇ ਇਸ ਫਿਲਮ ਨੂੰ ਪਹਿਲਾਂ ਹੀ ਟੈਕਸ ਮੁਕਤ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਚੰਡੀਗੜ੍ਹ ਵਿੱਚ ਵੀ ਇਸ ਫਿਲਮ ਨੂੰ ਟੈਕਸ ਮੁਕਤ (The Kashmir Files tax free in Chandigarh) ਕਰ ਦਿੱਤਾ ਗਿਆ ਹੈ।
ਇਹ ਹੁਕਮ ਯੂਟੀ ਪ੍ਰਸ਼ਾਸਕ ਵੱਲੋਂ ਐਤਵਾਰ ਨੂੰ ਜਾਰੀ ਕੀਤਾ ਗਿਆ, ਜੋ ਸੋਮਵਾਰ ਤੋਂ ਲਾਗੂ ਹੋਵੇਗਾ। ਪ੍ਰਸ਼ਾਸਕ ਵੱਲੋਂ ਜਾਰੀ ਹੁਕਮਾਂ ਵਿੱਚ ਫਿਲਮ ਨੂੰ ਰਾਜ ਦੇ ਟੈਕਸ ਤੋਂ ਵੀ ਛੋਟ ਦਿੱਤੀ ਗਈ ਹੈ। ਇਸ ਫਿਲਮ ਨੂੰ ਹਿਮਾਚਲ ਪ੍ਰਦੇਸ਼, ਹਰਿਆਣਾ ਸਮੇਤ ਦੇਸ਼ ਦੇ ਹੋਰ ਰਾਜਾਂ ਵਿੱਚ ਪਹਿਲਾਂ ਹੀ ਟੈਕਸ ਮੁਕਤ ਕਰ ਦਿੱਤਾ ਗਿਆ ਹੈ। ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਐਤਵਾਰ ਨੂੰ ਰਾਜ ਭਵਨ ਦੇ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ ਫਿਲਮ 'ਦਿ ਕਸ਼ਮੀਰ ਫਾਈਲਜ਼' ਦੇਖੀ।