ਚੰਡੀਗੜ੍ਹ:ਅੱਜ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕਿਸਾਨਾਂ ਵੱਲੋਂ ਟੋਲ ਪਲਾਜ਼ੇ ਬੰਦ ਕਰਨ ਦੇ ਮਾਮਲੇ ਨਾਲ ਸਬੰਧਤ NHAI ਦੀ ਪਟੀਸ਼ਨ ਉੱਤੇ ਸੁਣਵਾਈ ਹੋ ਗਈ ਹੈ। ਪੰਜਾਬ ਹਰਿਆਣਾ ਹਾਈਕੋਰਟ ਨੇ ਸੁਣਵਾਈ ਕਰਦਿਆ ਪੰਜਾਬ ਦੇ ਚੀਫ ਸੈਕੇਰਟਰੀ ਅਤੇ ਡੀਜੀਪੀ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਚੱਲਦੇ ਹੋਏ ਸਾਰੇ ਟੋਲ ਪਲਾਜ਼ਿਆਂ ਉੱਤੇ ਚੱਲ ਰਹੇ ਧਰਨਿਆਂ ਨੂੰ ਹਟਵਾਇਆ ਜਾਵੇ, ਤਾਂ ਕਿ NHAI ਨੂੰ ਹੋਰ ਕੋਈ ਵਿੱਤੀ ਨੁਕਸਾਨ ਨਾ ਹੋਵੇ। ਹਾਈਕੋਰਟ ਨੇ ਇਹ ਵੀ ਨਿਰਦੇਸ਼ ਜਾਰੀ ਕੀਤੇ ਹਨ ਕਿ ਟੋਲ ਪਲਾਜ਼ਿਆਂ ਨੂੰ ਫਿਰ ਤੋਂ ਚਲਾਉਣ ਦਾ ਕੰਮ ਯਕੀਨੀ ਬਣਾਇਆ ਜਾਵੇ।
ਸੀਨੀਅਰ ਐਡਵੋਕੇਟ ਚੇਤਨ ਮਿੱਤਲ ਨੇ ਦੱਸਿਆ ਕਿ ਹਾਈਕੋਰਟ ਨੇ ਅੱਜ ਫੈਸਲੇ ਉੱਤੇ ਸੁਣਾਈ ਕਰਦਿਆ ਦੱਸਿਆ ਕਿ ਕੋਈ ਵੀ ਅਫਸਰ ਵੱਲੋਂ ਜ਼ਿਲ੍ਹੇ ਵਿੱਚ ਧਰਨਾ ਨਹੀਂ ਚੁਕਾਇਆ ਗਿਆ ਸੀ। ਅੱਜ ਹਾਈਕੋਰਟ ਨੇ ਨਿਰਦੇਸ਼ ਜਾਰੀ ਕੀਤੇ ਹਨ ਟੋਲ ਪਲਾਜ਼ਿਆਂ ਤੋਂ ਧਰਨੇ ਚੁੱਕੇ ਜਾਣ, ਤਾਂ ਜੋ ਐਨਐਚਏਆਈ ਦਾ ਹੋਰ ਕਰੋੜਾਂ ਦਾ ਨੁਕਸਾਨ ਨਾ ਹੋਵੇ। ਇਸ ਦੇ ਨਾਲ ਹੀ, ਕੋਰਟ ਨੇ ਚੀਫ ਸੈਕੇਰਟਰੀ ਅਤੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਨੇ ਪਿਛਲੇ ਦਿਨਾਂ ਵਿੱਚ ਟੋਲ ਪਲਾਜ਼ਿਆਂ ਉੱਤੇ ਕੀ ਕਾਰਵਾਈ ਕੀਤੀ ਹੈ। ਇਸ ਦੇ ਨਾਲ ਹੀ, ਇਹ ਵੀ ਯਕੀਨੀ ਬਣਾਇਆ ਜਾਵੇ ਕਿ ਧਰਨੇ ਟੋਲ ਪਲਾਜ਼ਿਆਂ ਤੋਂ ਚੁੱਕੇ ਗਏ ਹਨ ਅਤੇ ਮੁੜ ਕੰਮ ਸ਼ੁਰੂ ਹੋ ਗਿਆ ਹੈ। ਜੋ ਵੀ NHAI ਦਾ ਨੁਕਸਾਨ ਹੋਇਆ ਹੈ, ਉਸ ਦਾ ਬੋਝ ਪੰਜਾਬ ਸਰਕਾਰ ਉੱਤੇ ਹੀ ਪਵੇਗਾ।
ਦੋ ਦਿਨ ਪਹਿਲਾਂ ਜਸਟਿਸ ਵਿਨੋਦ ਭਾਰਦਵਾਜ ਨੇ ਕਿਹਾ ਸੀ ਕਿ ਇਹ ਇਕ ਵੱਡਾ ਮਾਮਲਾ ਹੈ। ਦੇਸ਼ ਵਿੱਚ ਅੱਜ ਕੱਲ੍ਹ ਟਰੈਂਡ ਬਣ ਗਿਆ ਹੈ ਕਿ ਰੇਲ, ਟੋਲ ਉੱਤੇ ਲੋਕ ਜਮਾ ਹੋ ਜਾਂਦੇ ਹਨ। ਉਨ੍ਹਾਂ ਕਿਹਾ ਸੀ ਕਿ, ਕਿਉਂਕਿ ਇਹ ਮਾਮਲਾ ਵੱਡਾ ਹੈ ਇਸ ਲਈ ਹਾਈਕੋਰਟ ਦੀ ਡਬਲ ਬੈਂਚ ਇਸ ਨੂੰ ਸੁਣੇ। ਇਸ ਤੋਂ ਬਾਅਦ ਅੱਜ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇਸ ਮਾਮਲੇ ਉੱਤੇ ਅੱਜ ਸੁਣਵਾਈ ਕੀਤੀ ਹੈ।