ਚੰਡੀਗੜ੍ਹ:ਵਿਵਾਦਾਂ ਵਿੱਚ ਘਿਰੇ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਦੇ ਅਸਤੀਫੇ ਦੀਆਂ ਖਬਰਾਂ ਨੂੰ ਸਰਕਾਰ ਨੇ ਝੂਠੀਆਂ ਕਿਹਾ ਹੈ। ਸਰਕਾਰ ਵਲੋਂ ਬਕਾਇਦਾ ਇਸ ਸੰਬੰਧੀ ਇਕ ਟਵੀਟ ਵੀ ਜਾਰੀ ਕੀਤਾ ਗਿਆ ਹੈ। ਇਸ ਟਵੀਟ ਵਿੱਚ ਅਸਤੀਫੇ ਦੀਆਂ ਖਬਰਾਂ ਨੂੰ ਫੇਕ ਨਿਊਜ ਕਰਕੇ ਖੰਡਨ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਇਕ ਮਹਿਲਾ ਵਲੋਂ ਵੀਡੀਓ ਜਾਰੀ ਕਰਕੇ ਪੰਜਾਬ ਦੇ ਐਡਵੋਕੇਟ ਜਨਰਲ ਉੱਤੇ ਗੰਭੀਰ ਇਲ਼ਜਾਮ ਲਗਾਏ ਗਏ ਸਨ। ਇਸ ਵਿੱਚ ਮਹਿਲਾ ਨੇ ਕਿਹਾ ਸੀ ਕਿ ਘਈ ਤੋਂ ਪਰਿਵਾਰ ਨੂੰ ਖਤਰਾ ਹੋ ਸਕਦਾ ਹੈ। ਦੂਜੇ ਪਾਸੇ ਵਿਰੋਧੀ ਧਿਰਾਂ ਵਲੋਂ ਇਸ ਵੀਡੀਓ ਵਿੱਚ ਲਗਾਏ ਇਲਜਾਮਾਂ ਦਾ ਹਵਾਲਾ ਦੇ ਕੇ ਘਈ ਦੇ ਅਸਤੀਫੇ ਦੀ ਮੰਗ ਕੀਤੀ ਗਈ ਸੀ। ਵਿਰੋਧੀ ਧਿਰਾਂ ਸਰਕਾਰ ਉੱਤੇ ਸਵਾਲ ਵੀ ਚੁੱਕ ਰਹੀਆਂ ਸਨ।
ਵਿਨੋਦ ਘਈ ਉੱਤੇ ਤੰਗ ਕਰਨ ਦੇ ਇਲਜਾਮ : ਦਰਅਸਲ ਐਡਵੋਕੇਟ ਜਨਰਲ ਵਿਨੋਦ ਘਈ ਉੱਤੇ ਦਿੱਲੀ ਦੀ ਰਹਿਣਾ ਵਾਲੀ ਇਕ ਲੜਕੀ ਨੇ ਵੀਡੀਓ ਜਾਰੀ ਕਰਕੇ ਗੰਭੀਰ ਇਲਜਾਮ ਲਗਾਏ ਸਨ। ਲੜਕੀ ਨੇ ਕਿਹਾ ਸੀ ਕਿ ਉਸਦੀ ਸਗੀ ਭੈਣ ਦੇ ਘਈ ਨਾਲ ਨਾਜਾਇਜ ਸੰਬੰਧ ਹਨ ਅਤੇ ਇਸ ਕਾਰਨ ਉਸਦੇ ਪਿਤਾ ਦੀ ਜਾਨ ਨੂੰ ਖਤਰਾ ਹੈ। ਘਈ ਉੱਤੇ ਤੰਗ ਪਰੇਸ਼ਾਨ ਕਰਨ ਦੇ ਵੀ ਇਲਜਾਮ ਹਨ। ਲੜਕੀ ਨੇ ਕਿਹਾ ਕਿ ਘਈ ਦੇ ਦਬਾਅ ਵਿੱਚ ਆਈ ਉਸਦੀ ਭੈਣ ਕੋਈ ਗਲਤ ਕਦਮ ਚੁੱਕ ਸਕਦੀ ਹੈ ਅਤੇ ਉਸਦੇ ਪਿਤਾ ਜੋ ਇਕ ਵੱਡੇ ਸਰਕਾਰੀ ਅਹੁਦੇ ਤੋਂ ਸੇਵਾਮੁਕਤ ਹਨ, ਉਹ ਵੀ ਖੁਦਕੁਸ਼ੀ ਵਰਗਾ ਕਦਮ ਚੁੱਕ ਸਕਦੇ ਹਨ। ਲੜਕੀ ਦੀ ਕਰੀਬ ਅੱਧੇ ਘੰਟੇ ਦੀ ਇਸ ਵੀਡੀਓ ਵਿੱਚ ਕਈ ਹੋਰ ਵੀ ਇਲਜਾਮ ਹਨ। ਇਸ ਤੋਂ ਬਾਅਦ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖਿਆ ਹੈ। ਦੂਜੇ ਪਾਸੇ ਇਹ ਅਫਵਾਹਾਂ ਸਨ ਕਿ ਐਡਵੋਕੇਟ ਜਨਰਲ ਵਰਗੇ ਅਹਿਮ ਅਹੁਦੇ ਦੀ ਜਿੰਮੇਦਾਰੀ ਵੀ ਘਈ ਦੇ ਹੱਥੋਂ ਖੁਸ ਸਕਦੀ ਹੈ।