ਚੰਡੀਗੜ੍ਹ: ਪੰਜਾਬ ਦੀ ਸਭ ਤੋਂ ਪੁਰਾਣੀ ਅਤੇ ਰਿਵਾਇਤੀ ਪਾਰਟੀ ਅਕਾਲੀ ਦਲ ਇਸ ਵੇਲੇ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ। ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਨਮੋਸ਼ੀ ਵਾਲੀ ਹਰ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਦੌਰਾਨ ਅਕਾਲੀ ਦਲ ਵਿਚ ਕਈ ਉਤਾਰ ਚੜਾਅ ਆਏ, ਭਾਜਪਾ ਨਾਲੋਂ ਗੱਠਜੋੜ ਟੁੱਟਿਆ, ਬਸਪਾ ਨਾਲ ਰਿਸ਼ਤਾ ਵੀ ਜੁੜਿਆ ਪਰ ਅਕਾਲੀ ਦਲ ਲਈ ਪੰਜਾਬ ਸਰ ਕਰਨਾ ਸੁਖਾਲਾ ਨਾ ਹੋ ਸਕਿਆ। ਹੁਣ ਭਾਜਪਾ ਵੀ ਅਕਾਲੀ ਦਲ ਦੇ ਕਈ ਨੇਤਾਵਾਂ ਨੂੰ ਆਪਣੀ ਬੁੱਕਲ ਵਿੱਚ ਸਮਾਅ ਰਹੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਹਰ ਪਾਸੇ ਹਨ੍ਹੇਰਾ ਹੀ ਨਜ਼ਰ ਆ ਰਿਹਾ ਹੈ।
2024 ਵਿਚ ਅਕਾਲੀ ਦਲ ਲਈ ਚੁਣੌਤੀਆਂ ਹੀ ਚੁਣੌਤੀਆਂ: ਸੀਨੀਅਰ ਪੱਤਰਕਾਰ ਅਤੇ ਰਾਜਨੀਤਕ ਮਾਹਿਰ ਸਵਰਨ ਸਿੰਘ ਦਾਨੇਵਾਲੀਆ ਨੇ ਈਟੀਵੀ ਭਾਰਤ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਦੱਸਿਆ ਕਿ 2024 ਅਕਾਲੀ ਦਲ ਲਈ ਚੁਣੌਤੀਆਂ ਨਾਲ ਭਰਿਆ ਹੋਇਆ ਹੈ, ਕਿਉਂਕਿ ਅਕਾਲੀ ਦਲ ਨੇ ਆਪਣੀਆਂ ਜੜ੍ਹਾਂ ਨਾਲੋਂ ਨਾਤਾ ਤੋੜ ਲਿਆ। ਅਕਾਲੀ ਦਲ ਦੀਆਂ ਜੜਾਂ ਹਨ ਸਿੱਖ ਸਿਆਸਤ ਜਦੋਂ ਤੋਂ ਅਕਾਲੀ ਦਲ ਨੇ ਪੰਥਕ ਸਿਆਸਤ ਛੱਡ ਕੇ ਪੰਜਾਬ ਦੀ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਤਾਂ ਅਕਾਲੀ ਦਲ ਨੂੰ ਖਮਿਆਜਾ ਭੁਗਤਨਾ ਪਿਆ, ਕਿਉਂਕਿ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਭਟਕ ਗਿਆ ਜਿਸ ਲਈ ਅਕਾਲੀ ਦਲ ਦੀ ਇਹ ਹਾਲਤ ਹੋਈ। ਸੁਖਬੀਰ ਬਾਦਲ ਪਾਰਟੀ 'ਤੇ ਪੈਸਾ ਖਰਚ ਕਰਕੇ ਪਾਰਟੀ ਖੜ੍ਹੀ ਜ਼ਰੂਰ ਰੱਖ ਸਕਦੇ ਹਨ ਪਰ ਲੋਕਾਂ ਦਾ ਵਿਸ਼ਵਾਸ ਨਹੀਂ ਕਾਇਮ ਰੱਖ ਸਕਦੇ। ਉਹਨਾਂ ਆਖਿਆ ਕਿ ਇੱਕ ਦੌਰ ਹੁੰਦਾ ਸੀ ਜਦੋਂ ਅਕਾਲੀ ਦਲ ਦੀ ਤੂਤੀ ਬੋਲਦੀ ਸੀ ਅਤੇ ਲੋਕ ਨੀਲੀ ਪੱਗ ਬੰਨ੍ਹ ਕੇ ਅਕਾਲੀ ਹੋਣ ਉੱਤੇ ਮਾਣ ਮਹਿਸੂਸ ਕਰਦੇ ਸਨ, ਪਰ ਹੁਣ ਅਕਾਲੀ ਦਲ ਤੋਂ ਲੋਕਾਂ ਦਾ ਅਜਿਹਾ ਮੋਹ ਭੰਗ ਹੋਇਆ ਹੈ ਕਿ ਅਕਾਲੀ ਦਲ ਮੁੜ ਪੈਰਾਂ ਸਿਰ ਖੜ੍ਹਾ ਹੀ ਨਹੀਂ ਹੋ ਪਾ ਰਿਹਾ। ਅਕਾਲੀ ਦਲ ਲਈ ਸਭ ਤੋਂ ਵੱਡੀ ਚੁਣੌਤੀ ਤਾਂ ਇਹੀ ਹੈ ਕਿ ਪੰਜਾਬੀਆਂ ਦਾ ਅਕਾਲੀ ਦਲ ਤੋਂ ਵਿਸ਼ਵਾਸ ਉੱਠ ਗਿਆ ਹੈ।
ਪੰਥਕ ਮੁੱਦੇ ਉਭਾਰ ਕੇ ਵੀ ਅਕਾਲੀ ਦਲ ਹੱਥ ਰਹੇ ਖਾਲੀ:ਸਵਰਨ ਸਿੰਘ ਦਾਨੇਵਾਲੀਆ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਮੁੜ ਤੋਂ ਪੰਥਕ ਸਿਆਸਤ ਦੀ ਸੁਰ ਜ਼ਰੂਰ ਛੇੜੀ। ਪੰਥਕ ਮੁੱਦੇ ਦੇ ਆਧਾਰ ਉੱਤੇ ਹੀ ਅਕਾਲੀ ਦਲ ਵੱਲੋਂ ਸੰਗਰੂਰ ਜ਼ਿਮਨੀ ਚੋਣ ਲੜੀ ਗਈ ਜਿਸ ਦੇ ਵਿੱਚ ਅਕਾਲੀ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ ਸੀ। ਜਿਸਦਾ ਕਾਰਨ ਇਹ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਜਿੰਨਾ ਮਰਜ਼ੀ ਪੰਥਕ ਰਾਗ ਛੇੜ ਲਵੇ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਲੋਕਾਂ ਦਾ ਅਕਾਲੀ ਦਲ ਤੋਂ ਵਿਸ਼ਵਾਸ ਉੱਠ ਗਿਆ ਹੈ। ਜਿੰਨ੍ਹਾਂ ਮਰਜ਼ੀ ਅਕਾਲੀ ਦਲ ਦੁੱਧ ਧੋਤਾ ਬਣਨ ਦੀ ਕੋਸ਼ਿਸ਼ ਕਰ ਲਵੇ ਪਰ ਲੋਕਾਂ ਦਾ ਵਿਸ਼ਵਾਸ ਮੁੜ ਤੋਂ ਨਹੀਂ ਜਿੱਤ ਸਕਣਗੇ, ਪੰਥਕ ਸਿਆਸਤ ਨੂੰ ਅਣਗੌਲਿਆਂ ਕਰਨਾ ਹੀ ਅਕਾਲੀ ਦਲ ਨੂੰ ਬੈਕਫੁਟ 'ਤੇ ਲੈ ਆਇਆ ਹੈ।