ਚੰਡੀਗੜ੍ਹ : ਅੱਜ ਦਾ ਦਿਨ ਪੰਜਾਬ ਲਈ ਸਿੱਖਿਆ ਦੇ ਖੇਤਰ ਵਿੱਚ ਇੱਕ ਇਤਿਹਾਸਕ ਦਿਨ ਹੈ । ਅੱਜ ਪੰਜਾਬ ਦੇ 117 ਵਿੱਚ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਹੋ ਰਿਹਾ ਹੈ…ਸਭਨਾਂ ਨੂੰ ਵਧਾਈ… । ਇਹ ਬਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਟਵੀਟ ਹੈਂਡਲ ਤੋਂ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਦਿੱਤਾ ਹੈ। ਉਨ੍ਹਾਂ ਟਵੀਟ ਰਾਹੀਂ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ, 'ਅੱਜ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਲਈ ਇੱਕ ਇਤਿਹਾਸਕ ਦਿਨ ਹੈ …ਅੱਜ ਪੰਜਾਬ ਦੇ 117 ਚੋਂ ਪਹਿਲੇ school of eminence ਬਣਾਉਣ ਦਾ ਉਦਘਾਟਨ ਹੋ ਰਿਹਾ ਹੈ …ਸਮੂਹ ਪੰਜਾਬੀਆਂ ਨੂੰ ਮੁਬਾਰਕਾਂ…।'
ਕੀ ਹੈ ਸਕੂਲ ਆਫ ਐਮੀਨੈਂਸ ਮੁਖ ਉਦੇਸ਼ : ਸਰਕਾਰ ਮੁਤਾਬਿਕ 'ਸਕੂਲ ਆਫ ਐਮੀਨੈਂਸ' ਦਾ ਉਦੇਸ਼ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਨੂੰ ਮੁੜ ਸੁਰਜੀਤ ਕਰਨਾ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਨਾ ਹੈ। ਸਕੂਲਾਂ ਦਾ ਉਦੇਸ਼ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨਾ ਹੈ, ਤਾਂ ਜੋ ਇਹ ਮਾਪਿਆਂ ਲਈ ਸਭ ਤੋਂ ਆਕਰਸ਼ਕ ਵਿਕਲਪ ਬਣ ਸਕੇ। ਸਕੂਲ ਆਫ਼ ਐਮੀਨੈਂਸ ਅਤਿ-ਆਧੁਨਿਕ ਸਹੂਲਤਾਂ ਦੇ ਨਾਲ ਟੈਕਨਾਲੋਜੀ ਆਧਾਰਿਤ ਹੋਣਗੇ।' ਇਨ੍ਹਾਂ ਸਕੂਲਾਂ ਵਿਚ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਖਾਸ ਤੌਰ ਉਤੇ ਨਾਨ-ਮੈਡੀਕਲ, ਮੈਡੀਕਲ, ਕਾਮਰਸ ਅਤੇ ਹਿਊਮੈਨਟੀਜ਼ ਵਿਸ਼ੇ ਪੜ੍ਹਾਏ ਜਾਣਗੇ।
ਬਾਕੀ ਸਕੂਲਾਂ ਨਾਲੋਂ ਕਿਉਂ ਖਾਸ ਨੇ ਇਹ ਸਕੂਲ, ਜਾਣੋ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਸਕੂਲਾਂ ਬਾਰੇ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਅਧਿਆਪਕ ਅਨੁਪਾਤ (PTR) ਤੋਂ ਲੈ ਕੇ ਅੰਗਰੇਜ਼ੀ ਅਤੇ ਫ੍ਰੈਂਚ ਭਾਸ਼ਾਵਾਂ ਦੀ ਮੁਹਾਰਤ ਦੇ ਕੋਰਸਾਂ ਤੱਕ, STEM ਅਤੇ ਰੋਬੋਟਿਕਸ ਲੈਬਾਂ ਤੋਂ ਲੈ ਕੇ ਕੈਂਪਸ ਵਿੱਚ ਸਵੀਮਿੰਗ ਪੂਲ ਤੱਕ ਨਵੇਂ ਸਕੂਲ ਆਮ ਸਰਕਾਰੀ ਸਕੂਲਾਂ ਤੋਂ ਬਹੁਤ ਵੱਖਰੇ ਹੋਣਗੇ।
ਪੰਜਾਬ ਨੂੰ ਮਿਲ ਰਹੇ ਇਨ੍ਹਾਂ ਸਕੂਲਾਂ ਨੂੰ ਲੈ ਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਸੁਪਰਿਮੋ ਅਰਵਿੰਦ ਕੇਜਰੀਵਾਲ ਵੱਲੋਂ ਟਵੀਟ ਜਾਰੀ ਕਰਦਿਆਂ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਗਈ ਹੈ। ਹਰਜੋਤ ਬੈਂਸ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਈ ਇੱਕ ਵੱਡਾ ਦਿਨ ਹੈ ਅਰਵਿੰਦ ਕੇਜਰੀਵਾਲ ਜੀ ਦੇ ਭਾਰਤ ਨੂੰ ਨੰਬਰ 1 ਬਣਾਉਣ ਦੇ ਸੰਕਲਪ ਅਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਸੁਪਨਮਈ ਪ੍ਰੋਜੈਕਟ ਦੀ ਕਲਪਨਾ ਕਰਦੇ 117 ਸਕੂਲ ਆਫ਼ ਐਮੀਨੈਂਸ ਅੱਜ ਲਾਂਚ ਹੋ ਰਹੇ ਹਨ।