ਚੰਡੀਗੜ੍ਹ : ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਸਰਕਾਰ ਵਿਚਾਲੇ ਟਕਰਾਅ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਹੁਣ ਵਿਧਾਨ ਸਭਾ ਇਜਲਾਸ ਨੂੰ ਲੈ ਕੇ ਦੋਵਾਂ ਦੇ ਸਿੰਘ ਫਸ ਗਏ ਹਨ। ਮਾਨ ਸਰਕਾਰ ਵੱਲੋਂ 19 ਅਤੇ 20 ਜੂਨ ਨੂੰ ਬੁਲਾਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਬਾਰੇ ਰਾਜਪਾਲ ਪੁਰੋਹਿਤ ਨੇ ਪੁੱਛਿਆ ਹੈ ਕਿ ਵਿਸ਼ੇਸ਼ ਸੈਸ਼ਨ ਕਿਸ ਲਈ ਬੁਲਾਇਆ ਗਿਆ ਹੈ? ਸੂਤਰਾਂ ਮੁਤਾਬਕ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵਿਧਾਨ ਸਭਾ ਸਕੱਤਰੇਤ ਨੂੰ ਪੱਤਰ ਲਿਖ ਕੇ ਜਵਾਬ ਮੰਗਿਆ ਹੈ। ਇਸ ਤੋਂ ਪਹਿਲਾਂ ਨਵੰਬਰ 2022 ਵਿੱਚ ਵੀ ਵਿਧਾਨ ਸਭਾ ਇਜਲਾਸ ਨੂੰ ਲੈ ਕੇ ਰਾਜਪਾਲ ਅਤੇ ਮੁੱਖ ਮੰਤਰੀ ਵਿਚਾਲੇ ਗਰਮੋ ਗਰਮੀ ਹੋਈ ਜੋ ਕਿ ਸੁਪਰੀਮ ਕੋਰਟ ਤੱਕ ਪਹੁੰਚ ਗਈ ਸੀ।
ਵਿਧਾਨ ਸਭਾ ਸਪੀਕਰ ਨੇ ਦਿੱਤਾ ਚਿੱਠੀ ਦਾ ਜਵਾਬ:ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗਵਰਨਰ ਦੀ ਚਿੱਠੀ ਦਾ ਜਵਾਬ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਦਿੱਤਾ ਹੈ। ਜਿਸ ਵਿਚ ਉਹਨਾਂ ਆਪਣਾ ਜਵਾਬ ਸਪੱਸ਼ਟ ਕੀਤਾ ਹੈ। ਸੰਧਵਾਂ ਨੇ ਚਿੱਠੀ ਵਿਚ ਲਿਖਿਆ ਹੈ ਕਿ ਵਿਧਾਨ ਸਭਾ ਬਜਟ ਇਜਲਾਸ ਦੀ ਤਾਂ ਸਮਾਪਤੀ ਹੀ ਨਹੀਂ ਹੋਈ ਫਿਰ ਅਜਿਹੇ ਵਿੱਚ ਗਵਰਨਰ ਦੀ ਇਜਾਜ਼ਤ ਦੀ ਕੀ ਜ਼ਰੂਰਤ ਹੈ। ਸਵਾਲਾਂ-ਜਵਾਬਾਂ ਦੇ ਇਸ ਦੌਰ ਵਿੱਚ ਇਹ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ ਜਿਸ ਦਾ ਅਸਰ ਵਿਧਾਨ ਸਭਾ ਇਜਲਾਸ 'ਤੇ ਹੋਣ ਦਾ ਡਰ ਵੀ ਬਣਿਆ ਹੋਇਆ। ਦੋਵਾਂ ਧਿਰਾਂ ਨੇ ਇਕ ਦੂਜੇ ਖਿਲਾਫ਼ ਸ਼ਬਦੀ ਤਲਵਾਰਾਂ ਮੈਦਾਨ ਵਿੱਚ ਕੱਢੀਆਂ ਹੋਈਆਂ ਹਨ।
ਦਿੱਲੀ ਤੋਂ ਸ਼ੁਰੂ ਹੋਈ ਲੜਾਈ ਚੰਡੀਗੜ੍ਹ ਤੱਕ ਪਹੁੰਚੀ: ਦੱਸ ਦਈਏ ਕਿ ਸੀਐਮ ਅਤੇ ਗਵਰਨਰ ਵਿਚਾਲੇ ਮੁੜ ਤੋਂ ਤਲਖੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਰਾਮਲੀਲਾ ਮੈਦਾਨ 'ਚ ਕੀਤੀ ਗਈ ਬਿਆਨਬਾਜ਼ੀ ਕਾਰਨ ਹੋਈ। ਜਿਸ ਦਾ ਮੋੜਵਾਂ ਜਵਾਬ ਗਵਰਨਰ ਵੱਲੋਂ ਵੀ ਦਿੱਤਾ ਗਿਆ ਅਤੇ ਸੀਐਮ ਦੇ ਬਿਆਨਾਂ ਨੂੰ ਝੂਠ ਕਹਿ ਕੇ ਨਕਾਰ ਦਿੱਤਾ ਗਿਆ। ਫਿਰ ਸੀਐਮ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਇੱਕ ਤੋਂ ਬਾਅਦ ਇੱਕ ਗਵਰਨਰ ਦੀਆਂ ਉਹ ਵੀਡੀਓਜ਼ ਜਾਰੀ ਕੀਤੀਆਂ ਜਿਸ ਵਿੱਚ ਮਾਈ ਗੋਰਮੈਂਟ ਸ਼ਬਦ ਨੂੰ ਲੈ ਕੇ ਵਿਵਾਦ ਹੋਇਆ ਸੀ।
ਗਵਰਨਰ ਅਤੇ ਪੰਜਾਬ ਸਰਕਾਰ ਵਿਚਾਲੇ ਵਿਵਾਦ, ਚਿੱਠੀ ਦਾ ਵਿਧਾਨ ਸਭਾ ਸਪੀਕਰ ਨੇ ਦਿੱਤਾ ਜਵਾਬ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਜਾਰੀ ਵਿਵਾਦ ਹੋਰ ਗੰਭੀਰ ਹੋ ਗਿਆ ਹੈ। ਇਸ ਵਿਵਾਦ ਵਿਚਾਲੇ ਹੁਣ ਪੰਜਾਬ ਸਰਕਾਰ ਵੱਲੋਂ 19 ਅਤੇ 20 ਜੂਨ ਨੂੰ ਵਿਸ਼ੇਸ਼ ਇਜਲਾਸ ਬੁਲਾਇਆ ਜਾ ਰਿਹਾ ਹੈ ਪਰ ਇਸ ਇਜਲਾਸ ਨੂੰ ਲੈਕੇ ਬਨਵਾਰੀ ਲਾਲ ਪੁਰੋਹਿਤ ਵੱਲੋਂ ਅੜਿੱਕਾ ਪਾਇਆ ਜਾ ਰਿਹਾ ਹੈ।
ਕੀ ਸੀ ਮਾਈ ਗੋਰਮੈਂਟ ਵਿਵਾਦ ?: ਦਰਅਸਲ ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੌਰਾਨ ਰਾਜਪਾਲ ਵੱਲੋਂ ਕਾਊਂਸਲ ਆਫ ਮਿਨੀਸਟਰਸ ਵੱਲੋਂ ਲਿਖੇ ਭਾਸ਼ਣ ਨੂੰ ਪੜਿਆ ਜਾ ਰਿਹਾ ਸੀ। ਜਿਸ ਵਿੱਚ ਮਾਈ ਗੋਰਮੈਂਟ ਸ਼ਬਦ ਦਾ ਜ਼ਿਕਰ ਕਰਨਾ ਸੀ। ਵਿਰੋਧੀ ਧਿਰਾਂ ਵੱਲੋਂ ਇਤਰਾਜ਼ ਜਤਾਉਣ ਤੋਂ ਬਾਅਦ ਇਕ 2 ਵਾਰ ਗਵਰਨਰ ਵੱਲੋਂ ਗੋਰਮੈਂਟ ਸ਼ਬਦ ਬੋਲਿਆ ਗਿਆ ਤਾਂ ਮੁੱਖ ਮੰਤਰੀ ਨੇ ਇਤਰਾਜ਼ ਜਤਾਇਆ। ਮੁੱਖ ਮੰਤਰੀ ਦਾ ਦਾਅਵਾ ਹੈ ਕਿ ਉਹਨਾਂ ਨੇ ਸਦਨ ਵਿੱਚ ਰਾਜਪਾਲ ਨੂੰ ਸੁਪਰੀਮ ਕੋਰਟ ਜਾਣ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਫਿਰ ਮਾਈ ਗੋਰਮੈਂਟ ਦਾ ਬੋਲਣਾ ਸ਼ੁਰੂ ਕਰ ਦਿੱਤਾ। ਦਿੱਲੀ ਵਿੱਚ ਸੀਐਮ ਨੇ ਇਸੇ ਵਰਤਾਰੇ ਦਾ ਜ਼ਿਕਰ ਕੀਤਾ ਜਿਸ ਨੂੰ ਗਵਰਨਰ ਨੇ ਨਕਾਰਿਆ ਅਤੇ ਮੁੜ ਤੋਂ ਵਿਵਾਦ ਸ਼ੁਰੂ ਹੋ ਗਿਆ।