ਚੰਡੀਗੜ੍ਹ:ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਸਰਕਾਰ ਵਿਚਕਾਰ ਇਕ ਵਾਰ ਫਿਰ ਤੋਂ ਟਕਰਾਅ ਵੇਖਣ ਨੂੰ ਮਿਲਿਆ ਹੈ। ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਗਵਰਨਰ ਨੇ ਸਰਕਾਰ ਅਤੇ ਖਾਸ ਤੌਰ 'ਤੇ ਮੁੱਖ ਮੰਤਰੀ ਨੂੰ ਕਰੜੇ ਹੱਥੀਂ ਲਿਆ ਹੈ। ਗਵਰਨਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀਆਂ ਚਿੱਠੀਆਂ ਦਾ ਜਵਾਬ ਮੰਗਿਆ ਹੈ। ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਦੂਜੇ ਦੌਰੇ ਤੋਂ ਬਾਅਦ ਰਾਜਪਾਲ ਦੀ ਇਹ ਪਹਿਲੀ ਕਾਨਫਰੰਸ ਹੈ। ਦਿੱਲੀ ਦੇ ਰਾਮ ਲੀਲਾ ਮੈਦਾਨ 'ਚ ਸੀਐਮ ਵੱਲੋਂ ਰਾਜਪਾਲ ਉੱਤੇ ਕੀਤੇ ਗਏ ਸ਼ਬਦੀ ਵਾਰ ਤੋਂ ਬਾਅਦ ਰਾਜਪਾਲ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਅਤੇ ਕਈ ਮਸਲਿਆਂ ਉੱਤੇ ਸਰਕਾਰ ਨੂੰ ਘੇਰਿਆ।
ਬਜਟ ਸੈਸ਼ਨ ਤੋਂ ਸੁਪਰੀਮ ਕੋਰਟ ਤੱਕ: ਦਰਅਸਲ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਭਾਸ਼ਣ ਦੇ ਰਹੇ ਸੀਐਮ ਭਗਵੰਤ ਮਾਨ ਨੇ ਬਜਟ ਸੈਸ਼ਨ ਦੌਰਾਨ ਸਰਕਾਰ ਅਤੇ ਰਾਜਪਾਲ ਵਿਚਾਲੇ ਫਸੇ ਪੇਚ ਦਾ ਜ਼ਿਕਰ ਕੀਤਾ ਸੀ। ਜਿਸ ਵਿੱਚ ਉਹਨਾਂ ਆਖਿਆ ਸੀ ਕਿ ਰਾਜਪਾਲ ਨੇ ਬਜਟ ਸੈਸ਼ਨ ਬੁਲਾਉਣ ਦੀ ਆਗਿਆ ਨਹੀਂ ਦਿੱਤੀ ਤਾਂ ਸੁਪਰੀਮ ਕੋਰਟ ਜਾ ਕੇ ਬਜਟ ਸੈਸ਼ਨ ਬੁਲਾਉਣ ਦਾ ਅਧਿਕਾਰ ਲਿਆ ਗਿਆ ਸੀ। ਇਸ ਦਾ ਰਾਜਪਾਲ ਨੇ ਮੋੜਵਾਂ ਜਵਾਬ ਦਿੱਤਾ ਹੈ। ਉਹਨਾਂ ਆਖਿਆ ਕਿ ਸੰਵਿਧਾਨ ਦੀ ਉਲੰਘਣਾ ਕੌਣ ਕਰ ਰਿਹਾ ਹੈ ਅਤੇ ਕੌਣ ਕਿਸ ਨੂੰ ਕੰਮ ਨਹੀਂ ਕਰਨ ਦਿੰਦਾ ਇਹ ਸਭ ਜਾਣਦੇ ਹਨ। ਮੇਰੀਆਂ 10 ਚਿੱਠੀਆਂ ਦਾ ਜਵਾਬ ਉਹਨਾਂ ਨੇ ਅਜੇ ਤੱਕ ਨਹੀਂ ਦਿੱਤਾ। ਸੁਪਰੀਮ ਕੋਰਟ ਨੇ ਹੁਕਮਾਂ ਵਿੱਚ ਸਪੱਸ਼ਟ ਕਿਹਾ ਹੈ ਕਿ ਦਸਤਾਵੇਜ਼ਾਂ ਦੇ ਨਾਲ ਮੁੱਖ ਮੰਤਰੀ ਨੂੰ ਰਾਜਪਾਲ ਦੇ ਪੱਤਰ ਦਾ ਜਵਾਬ ਵੀ ਦੇਣਾ ਹੋਵੇਗਾ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸੀਐਮ ਨੇ ਅਜੇ ਤੱਕ ਜਵਾਬ ਨਹੀਂ ਦਿੱਤਾ।
ਰਾਮ ਲੀਲਾ ਮੈਦਾਨ ਦੇ ਭਾਸ਼ਣ ਦਾ ਚੰਡੀਗੜ੍ਹ 'ਚ ਮੋੜਵਾਂ ਜਵਾਬ, ਗਵਰਨਰ ਅਤੇ ਪੰਜਾਬ ਸਰਕਾਰ ਵਿਚਾਲੇ ਫਿਰ ਵਧੀ ਤਲਖ਼ੀ
ਦਿੱਲੀ ਦੇ ਰਾਮ ਲੀਲਾ ਮੈਦਾਨ ਉੱਤੇ ਸੰਬੋਧਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਜੀਦਾ ਮਸਲਿਆਂ ਨੂੰ ਲੈ ਕੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਉੱਤੇ ਨਿਸ਼ਾਨੇ ਸਾਧਿਆ ਸੀ। ਅੱਜ ਚੰਡੀਗੜ੍ਹ ਵਿੱਚ ਮੋੜਵਾਂ ਜਵਾਬ ਦਿੰਦਿਆਂ ਗਵਰਨ ਬਨਵਾਰੀ ਲਾਲ ਪੁਰੋਹਿਤ ਨੇ ਸੀਐੱਮ ਮਾਨ ਨੂੰ ਲਪੇਟਿਆ ਹੈ। ਪੜੋ ਕੀ ਹੈ ਪੂਰਾ ਮਾਮਲਾ...
ਮੈਂ ਗਵਰਨਰ ਹਾਂ ਮੇਰੀ ਸਕਰਾਰ ਹੈ:ਸੀਐਮ ਭਗਵੰਤ ਮਾਨ ਨੇ ਇਹ ਵੀ ਕਿਹਾ ਸੀ ਕਿ ਰਾਜਪਾਲ ਬਜਟ ਸੈਸ਼ਨ ਦੇ ਸੰਬੋਧਨ ਦੌਰਾਨ ਮੇਰੀ ਸਰਕਾਰ ਸ਼ਬਦ ਰਿਵਾਇਤ ਨੂੰ ਤੋੜਨਾ ਚਾਹੁੰਦੇ ਸਨ ਅਤੇ ਗਵਰਨਰ ਹੋਣ ਦੇ ਬਾਵਜੂਦ ਸੰਬੋਧਨ ਦੌਰਾਨ ਮੇਰੀ ਸਰਕਾਰ ਨਹੀਂ ਬੋਲਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਇਹ ਨਿਰਦੇਸ਼ ਵੀ ਸੁਪਰੀਮ ਕੋਰਟ ਤੋਂ ਆਏ ਤਾਂ ਸੰਬੋਧਨ ਸੰਭਵ ਹੋਇਆ। ਜਵਾਬ ਦਿੰਦਿਆਂ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਸੀਐਮ ਦਾ ਇਹ ਭਾਸ਼ਣ ਅਤੇ ਬਿਆਨ ਨਿਰਅਧਾਰ ਹੈ। ਜੋ ਵੀ ਗੱਲਬਾਤ ਹੁੰਦੀ ਹੈ ਮੈਨੂੰ ਚੰਗੀ ਤਰ੍ਹਾਂ ਯਾਦ ਰਹਿੰਦੀ ਹੈ ਕਿ ਮੈਂ ਕੀ ਬੋਲਣਾ ? ਸੀਐਮ ਨੂੰ ਪੁੱਛੋ ਜਦੋਂ ਮੇਰੀ ਸਰਕਾਰ ਹੈ ਤਾਂ ਮੇਰੀ ਹੀ ਸਰਕਾਰ ਵਿੱਚ ਮੇਰੇ ਨਾਲ ਅਜਿਹਾ ਵਤੀਰਾ ਕਿਉਂ ਕੀਤਾ ਜਾਂਦਾ ਹੈ।
ਸਰਹੱਦ ਪਾਰੋਂ ਆਉਂਦੇ ਡਰੋਨ: ਡਰੋਨ ਦੇ ਮੁੱਦੇ 'ਤੇ ਬੋਲਦਿਆਂ ਗਵਰਨਰ ਨੇ ਕਿਹਾ ਕਿ ਸਰਹੱਦ ਪਾਰੋਂ ਆਉਣ ਵਾਲੇ ਡਰੋਨਾ ਦੇ ਡਿੱਗਣ ਦੀ ਗਿਣਤੀ ਪਹਿਲਾ ਨਾਲ਼ੋਂ ਵੱਧ ਗਈ ਹੈ ਅਤੇ ਇੰਨੀ ਵੱਡੀ ਗਿਣਤੀ ਵਿੱਚ ਡਰੋਨਾ ਦਾ ਆਉਣਾ ਪਾਕਿਸਤਾਨ ਦੀ ਆਰਮੀ ਅਤੇ ਦੇਸ਼ ਵਿਰੋਧੀ ਲੋਕਾਂ ਦੇ ਸਾਥ ਬਿਨਾ ਮੁਸ਼ਕਲ ਹੈ। ਸਰਜੀਕਲ ਸਟਰਾਈਕ ਕਰ ਦੇਣੀ ਚਾਹੀਦੀ ਹੈ ਜਿਸ ਨੂੰ ਲੈਕੇ ਮੈਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਵੀ ਚਿੱਠੀ ਲਿਖ ਰਿਹਾ ਹਾਂ।