ਚੰਡੀਗੜ੍ਹ: ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਕਿਸਾਨਾਂ ਦੀ ਰੰਗ ਵਟਾ ਰਹੀ ਕਣਕ ਦੀ ਫਸਲ ਸਮੇਤ ਹੋਰ ਕਈ ਫਸਲਾਂ ਉੱਤੇ ਬੇਮੌਸਮੀ ਬਰਸਾਤ ਅਤੇ ਗੜ੍ਹੇਮਾਰੀ ਦੀ ਮਾਰ ਪਈ ਹੈ। ਇਸ ਤੋਂ ਬਾਅਦ ਕਿਸਾਨਾਂ ਦੀ ਫਸਲ ਖੇਤਾਂ ਵਿੱਚ ਵਿਛ ਗਈ ਜਿਸ ਕਾਰਣ ਇਹ ਗੱਲ ਤਾਂ ਤੈਅ ਹੈ ਕਿ ਮੰਡੀਆਂ ਵਿੱਚ ਪਹੁੰਚਣ ਤੱਕ ਕਣਕ ਦਾ ਦਾਣਾ ਕਾਲ਼ਾ ਪੈ ਜਾਵੇਗਾ। ਇਸ ਨੂੰ ਵੇਖਦਿਆਂ ਕੇਂਦਰ ਨੇ ਕਿਸਾਨਾਂ ਨੂੰ ਕੋਈ ਰਾਹਤ ਦੇਣ ਦੀ ਬਜਾਏ ਉਲਟਾ ਕਿਸਾਨਾਂ ਉੱਤੇ ਮਾਰ ਪਾ ਦਿੱਤੀ। ਕੇਂਦਰ ਨੇ ਕਿਹਾ ਕਿ ਉਹ ਖ਼ਰਾਬ ਹੋਈ ਕਣਕ ਨੂੰ ਖਰੀਦਣਗੇ ਜ਼ਰੂਰ ਪਰ ਘੱਟੋ-ਘੱਟ ਸਮਰਥਨ ਮੁੱਲ ਤੋਂ ਪ੍ਰਤੀ ਕੁਇੰਟਲ 31 ਰੁਪਏ ਘੱਟ ਦੇ ਮੁੱਲ ਉੱਤੇ।
ਕਟੌਤੀ ਨੂੰ ਪੰਜਾਬ ਸਰਕਾਰ ਕਰੇਗੀ ਪੂਰਾ: ਕੇਂਦਰ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜਾਗ ਉੱਠਿਆ। ਕਿਸਾਨਾਂ ਨੇ ਇਸ ਵਿਰੁੱਧ ਆਵਾਜ਼ ਚੁੱਕਣੀ ਬੁਲੰਦ ਕੀਤੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਰਾਹੀਂ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਸੀਐੱਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਣਕ ਵਿੱਚ ਨਮੀਂ ਅਤੇ ਦਾਣਾ ਛੋਟਾ ਹੋਣ ਕਰਕੇ ਜੋ 31 ਰੁਪਏ ਦੀ ਕਟੌਤੀ ਘੱਟੋ-ਘੱਟ ਸਮਰਥਨ ਮੁੱਲ ਉੱਤੇ ਲਾਈ ਹੈ ਉਸ ਨੂੰ ਪੰਜਾਬ ਸਰਕਾਰ ਖੁਦ ਪੂਰਾ ਕਰੇਗੀ। ਸੀਐੱਮ ਮਾਨ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ।