ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਪੰਜਾਬ ਸਿਵਲ ਸਕੱਤਰੇਤ-1 ਵਿਖੇ ਸਿਫ਼ਤੀ ਦੇ ਘਰ ਸ੍ਰੀ ਹਰਿਮੰਦਰ ਸਾਹਿਬ ਦੀ ਨਵੀਂ ਲੱਗੀ ਤਸਵੀਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਪੰਜਾਬ ਸਿਵਲ ਸਕੱਤਰੇਤ (Punjab Civil Secretariat) ਵਿੱਚ ਦਹਾਕਿਆਂ ਪਹਿਲਾਂ ਲੱਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੀ ਤਸਵੀਰ ਦੀ ਥਾਂ ਹੁਣ ਇਹ 29 ਫੁੱਟ ਲੰਮੀ ਤੇ 11 ਫੁੱਟ ਉੱਚੀ ਤਸਵੀਰ ਲਗਾਈ ਗਈ ਹੈ। ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਕਈ ਤਸਵੀਰਾਂ ਮੁੱਖ ਮੰਤਰੀ ਨੂੰ ਦਿਖਾਈਆਂ ਸਨ, ਜਿਨ੍ਹਾਂ ਵਿੱਚੋਂ ਇਸ ਤਸਵੀਰ ਦੀ ਚੋਣ ਕੀਤੀ ਗਈ। ਇਹ ਤਸਵੀਰ ਵਿਸ਼ੇਸ਼ ਟਰਾਂਸਲਿਟ ਸ਼ੀਟ ਉੱਤੇ ਛਪੀ (picture is printed on a special translit sheet) ਹੈ ਅਤੇ ਤਸਵੀਰ ਨੂੰ ਰੁਸ਼ਨਾਉਣ ਲਈ ਇਸ ਦੇ ਪਿੱਛੇ 150 ਐੱਲ.ਈ.ਡੀ. ਲਾਈਟਾਂ ਲਗਾਈਆਂ ਗਈਆਂ ਹਨ।
ਸਥਾਨ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਦਾ ਸਰੋਤ: ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਪੰਜਾਬੀਆਂ ਖ਼ਾਸ ਤੌਰ ਉੱਤੇ ਸਿੱਖਾਂ ਲਈ ਦੁਨੀਆਂ ਦਾ ਸਭ ਤੋਂ ਪਵਿੱਤਰ ਸਥਾਨ ਹੈ ਅਤੇ ਇਹ ਸਥਾਨ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਇਹ ਪਾਵਨ ਸਥਾਨ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਤੋਂ ਆਪਣੇ ਫ਼ਰਜ਼ ਪੂਰੇ ਸਮਰਪਣ ਅਤੇ ਦਿਆਨਤਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕਰਦਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh maan ) ਨੇ ਕਿਹਾ ਕਿ ਉਹ ਅੱਜ ਇੱਥੇ ਸਿਰਫ਼ ਤਸਵੀਰ ਨੂੰ ਲੋਕਾਂ ਨੂੰ ਸਮਰਪਿਤ ਕਰਨ ਲਈ ਨਹੀਂ ਆਏ, ਸਗੋਂ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਨ ਆਏ ਹਨ, ਜੋ ਉਨ੍ਹਾਂ ਨੂੰ ਸੂਬੇ ਦੀ ਸੇਵਾ ਕਰਨ ਦਾ ਬਲ ਬਖ਼ਸ਼ ਰਿਹਾ ਹੈ।