ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਟੋਕੀਓ ਓਲੰਪਿਕ ਚ ਹਾਕੀ ਦੇ ਕਾਂਸੇ ਦੇ ਤਮਗੇ ਲਈ ਹੋਏ ਮੁਕਾਬਲੇ ਵਿਚ ਜਰਮਨੀ ਨੂੰ 5-4 ਨਾਲ ਹਰਾਉਣ ਉਤੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ “ਓਲੰਪਿਕ ਵਿਚ ਹੋਏ ਫਸਵੇਂ ਮੈਚ ਵਿਚ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਕਾਂਸੇ ਦੇ ਤਮਗਾ ਜਿੱਤਿਆ ਹੈ ਜੋ ਸਮੁੱਚੇ ਮੁਲਕ ਲਈ ਗੌਰਵਮਈ ਅਤੇ ਇਤਿਹਾਸਕ ਪਲ ਹਨ। ਇਸ ਸ਼ਾਨਦਾਰ ਪ੍ਰਾਪਤੀ ਸਦਕਾ ਭਾਰਤੀ ਟੀਮ ਨੇ 41 ਵਰਿਆਂ ਬਾਅਦ ਜੇਤੂ ਮੰਚ ਉਤੇ ਮੁੜ ਕਦਮ ਰੱਖਿਆ ਹੈ ਜਿਸ ਕਰਕੇ ਹਾਕੀ ਵਿਚ ਕਾਂਸੇ ਦਾ ਤਮਗਾ ਹਾਸਲ ਕਰਨਾ ਸਾਡੇ ਲਈ ਸੋਨ ਤਮਗੇ ਜਿੰਨੀ ਅਹਿਮਤੀਅਤ ਰੱਖਦਾ ਹੈ। ਭਾਰਤੀ ਟੀਮ ਨੂੰ ਮੁਬਾਰਕਾਂ।”
ਇਸ ਇਤਿਹਾਸਕ ਜਿੱਤ ਉੱਤੇ ਮੁੱਖ ਮੰਤਰੀ ਨੇ ਖੁਸ਼ੀ ਦੇ ਪਲ ਸਾਂਝੇ ਕਰਦਿਆਂ ਕਿਹਾ ਕਿ ਸਮੁੱਚੀ ਟੀਮ ਨੇ ਇਸ ਵੱਕਾਰੀ ਸਨਮਾਨ ਨਾਲ ਦੇਸ਼ ਵਾਸੀਆਂ ਅਤੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਕਿ ਉਹ ਦਿਨ ਹੁਣ ਦੂਰ ਨਹੀਂ, ਜਦੋਂ ਸਾਡੀ ਕੌਮੀ ਖੇਡ ਹਾਕੀ ਸਮੇਂ ਦੇ ਬੀਤਣ ਨਾਲ ਖੁੱਸੀ ਹੋਈ ਸ਼ਾਨ ਮੁੜ ਹਾਸਲ ਕਰੇਗੀ। ਉਨਾਂ ਕਿਹਾ ਕਿ ਇਸ ਦਿਸ਼ਾ ਵਿਚ ਸ਼ੁਰੂਆਤ ਹੋ ਚੁੱਕੀ ਹੈ। ਹਾਕੀ ਦੇ ਰੌਸ਼ਨ ਭਵਿੱਖ ਲਈ ਭਰੋਸਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਭੁਬਨੇਸ਼ਵਰ ਵਿਚ ਹੋਣ ਵਾਲੇ ਵਿਸ਼ਵ ਹਾਕੀ ਕੱਪ-2023 ਅਤੇ ਪੈਰਿਸ ਦੀਆਂ ਓਲੰਪਿਕ 2024 ਵਿਚ ਮੈਡਲ ਦਾ ਰੰਗ ਨਿਸ਼ਚਤ ਤੌਰ ਉਤੇ ਬਦਲੇਗੀ।