ਚੰਡੀਗੜ੍ਹ:ਜ਼ਿਲ੍ਹਾ ਲੁਧਿਆਣਾ ਵਿੱਚ ਬੀਤੇ ਦਿਨ ਵਾਪਰੇ ਗੈਸ ਕਾਂਡ ਨੇ ਕਹਿਰ ਮਚਾ ਕੇ ਰੱਖ ਦਿੱਤਾ ਅਤੇ 11 ਜ਼ਿੰਦਗੀਆਂ ਨੂੰ ਆਪਣਾ ਸ਼ਿਕਾਰ ਬਣਾਇਆ। ਗੈਸ ਕਾਂਡ ਸਬੰਧੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਹਾਈਡ੍ਰੋਜਨ ਸਲਫਾਈਡ ਗੈਸ ਵਧਣ ਕਰਕੇ 11 ਲੋਕਾਂ ਦੀ ਮੌਤ ਹੋਈ ਹੈ। ਗੈਸ ਦਾ ਅਸਰ ਘੱਟ ਕਰਨ ਲਈ ਕਾਸਟਿਕ ਸੋਡੇ ਦੀ ਵਰਤੋਂ ਕੀਤੀ ਗਈ। ਇਸ ਮਾਮਲੇ ਨੂੰ ਲੈਕੇ ਪੂਰੇ ਦੇਸ਼ ਭਰ ਵਿੱਚ ਸੁਰਖੀਆਂ ਬਣੀਆਂ ਸਨ ਅਤੇ ਹੁਣ ਕੇਂਦਰ ਸਰਕਾਰ ਨੇ ਮਦਦ ਲਈ ਹੱਥ ਵਧਾਇਆ ਹੈ।
ਪੀਐੱਮਓ ਦਾ ਟਵੀਟ: ਮਾਮਲੇ ਸਬੰਧੀ ਪੀਐੱਮਓ ਵੱਲੋਂ ਕੀਤੇ ਗਏ ਟਵੀਟ ਰਾਹੀਂ ਕਿਹਾ ਗਿਆ ਹੈ ਕਿ,' ਲੁਧਿਆਣਾ ਵਿੱਚ ਗੈਸ ਲੀਕ ਹੋਣ ਕਾਰਨ ਵਾਪਰੀ ਦੁੱਖਦ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਰੇਕ ਮ੍ਰਿਤਕ ਦੇ ਵਾਰਸਾਂ ਲਈ ਪੀਐੱਮਐੱਨਆਰਐੱਫ ਜ਼ਰੀਏ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਹਰੇਕ ਜ਼ਖਮੀ ਵਿਅਕਤੀ ਨੂੰ 50,000 ਰੁਪਏ ਦਿੱਤੇ ਜਾਣਗੇ .'।
ਪੰਜਾਬ ਸਰਕਾਰ ਨੇ ਮੁਆਵਜ਼ੇ ਦਾ ਕੀਤਾ ਐਲਾਨ:ਦੱਸ ਦੇਈਏ ਕਿ ਲੁਧਿਆਣਾ ਵਿੱਚ 4 ਮਰਦ, 2 ਬੱਚੇ ਅਤੇ 5 ਔਰਤਾਂ ਸਮੇਤ 11 ਦੀ ਮੌਤ ਹੋ ਗਈ ਸੀ। ਸਾਰਿਆਂ ਦੀ ਲਾਸ਼ ਨੂੰ ਕੱਢ ਲਿਆ ਗਿਆ ਸੀ। ਹਾਦਸੇ ਵਾਲੀ ਥਾਂ ਦੇ ਆਲੇ-ਦੁਆਲੇ ਦੇ ਘਰਾਂ ਦੀ ਤਲਾਸ਼ੀ ਲਈ ਗਈ ਸੀ ਇਸ ਤੋਂ ਇਾਲਾਵਾ ਇਹ ਵੀ ਭਾਲ ਕੀਤੀ ਗਈ ਕਿ ਇਸ ਜ਼ਹਿਰੀਲੀ ਗੈਸ ਦਾ ਸ਼ਿਕਾਰ ਕੋਈ ਬੱਚਾ ਤਾਂ ਨਹੀਂ ਹੋਇਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।