ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਦਿੱਲੀ ਰਵਾਨਾ ਹੋਏ ਹਰੀਸ਼ ਰਾਵਤ ਨੂੰ ਸੀ ਔਫ ਕਰਨ ਪਹੁੰਚੇ ਕਾਂਗਰਸ ਵਿਧਾਇਕ ਕੁਲਦੀਪ ਵੈਦ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਕੁਲਦੀਪ ਵੈਦ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰੀਸ਼ ਰਾਵਤ ਵਿਚਾਲੇ ਕੀ ਗੱਲਬਾਤ ਹੋਈ ਹੈ। ਇਸ ਬਾਰੇ ਉਹ ਨਹੀਂ ਜਾਣਦੇ ਪਰ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਣੇ ਸੈਕਟਰ 39 ਸਥਿਤ ਤਮਾਮ ਮੰਤਰੀਆਂ ਅਤੇ ਵਿਧਾਇਕਾਂ ਨਾਲ ਬੈਠਕ ਕੀਤੀ ਗਈ। ਜਿਨ੍ਹਾਂ ਵਿਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੀ ਸ਼ਾਮਿਲ ਸਨ। ਕੁਲਦੀਪ ਵੈਦ ਨੇ ਇਹ ਵੀ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਸਣੇ ਢਾਂਚੇ ਦਾ ਜਲਦ ਐਲਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਲੇਟ ਹੋਣ ਕਾਰਨ ਪੰਜਾਬ ਕਾਂਗਰਸ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇੱਕ ਦੋ ਦਿਨ ਵਿੱਚ ਜਲਦ ਹੀ ਸੋਨੀਆਂ ਗਾਂਧਈ ਐਲਾਨ ਕਰ ਦੇਣਗੇ। ਜਿਸ ਤੋਂ ਬਾਅਦ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਇੱਕਜੁੱਟ ਹੋ ਕੇ 2022 ਲਈ ਕੰਮ ਕਰੇਗੀ।
ਕੈਪਟਨ ਅਮਰਿੰਦਰ ਸਿੰਘ ਇੱਕ ਵਧੀਆ ਲੀਡਰ
ਹਾਲਾਂਕਿ ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਖਬਰਾਂ ਆ ਰਹੀਆਂ ਹਨ ਕਿ ਕੈਪਟਨ ਧੜੇ ਦੇ ਕਈ ਵਿਧਾਇਕ ਸਮੂਹਿਕ ਅਸਤੀਫ਼ਾ ਦੇ ਸਕਦੇ ਹਨ। ਜਿਸ ਨੂੰ ਨਕਾਰਦਿਆਂ ਕੁਲਦੀਪ ਵੈਦ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ। ਸਾਰੇ ਇਕਜੁੱਟ ਹੋ ਕੇ ਕੰਮ ਕਰਨਗੇ ਲੇਕਿਨ ਕੁਝ ਮੁੱਦਿਆਂ ਨੂੰ ਲੈ ਕੇ ਹਰ ਇੱਕ ਵਿਧਾਇਕ ਦੀ ਰਾਇ ਇਹੀ ਸੀ ਕਿ ਬੇਅਦਬੀ ਦੇ ਮੁੱਦਿਆਂ ਸਣੇ ਤਮਾਮ ਉਹ ਮੁੱਦੇ ਉੱਪਰ ਵੀ ਕੰਮ ਪੂਰਾ ਕੀਤਾ ਜਾਣਾ ਚਾਹੀਦਾ ਜੋ 2017 ਵਿੱਚ ਲੋਕਾਂ ਨੂੰ ਵਾਅਦਾ ਕੀਤਾ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਕੰਮ ਕਰ ਰਹੇ ਹਨ। ਇਸ ਦੌਰਾਨ ਕੁਲਦੀਪ ਵੈਦ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਵੱਲੋਂ ਲਿਖੀ ਗਈ ਚਿੱਠੀ ਬਾਰੇ ਤਾਂ ਪਤਾ ਨਹੀਂ ਪਰ ਕੈਪਟਨ ਅਮਰਿੰਦਰ ਸਿੰਘ ਇੱਕ ਸੂਝਵਾਨ ਲੀਡਰ ਹਨ ਉਨ੍ਹਾਂ ਨੇ ਜੋ ਵੀ ਲਿਖਿਆ ਹੋਵੇਗਾ ਉਹ ਸਹੀ ਲਿਖਿਆ ਹੋਵੇਗਾ।