ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਉੱਤੇ ਨਕੇਲ ਕੱਸਣ ਲਈ ਬਣਾਈ ਗਈ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕੇਂਦਰ ਦੀਆਂ ਜਾਂਚ ਏਜੰਸੀਆਂ ਨਾਲ ਮਿਲ ਕੇ ਇੱਕ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਅੱਤਵਾਦੀ ਹਰਵਿੰਦਰ ਰਿੰਦਾ ਦੇ ਸਾਥੀ ਨੂੰ ਭਾਰਤ-ਨੇਪਾਲ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਦੋ ਸ਼ਾਰਪ ਸ਼ੂਟਰ ਗੈਂਗਸਟਰ ਨੂੰ AGTF ਨੇ ਗੁਰੂਗ੍ਰਮ ਤੋਂ ਗ੍ਰਿਫ਼ਤਾਰ ਕੀਤਾ ਹੈ। (arrested from India-Nepal border)
ਕਈ ਮਾਮਲਿਆਂ ਵਿੱਚ ਸਨ ਲੋੜੀਂਦੇ: ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ, ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਸੋਸ਼ਲ ਮੀਡੀਆ ਪਲੇਟਫਾਕਮ X ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਗੈਂਗਸਟਰਾਂ ਨੂੰ ਮੁਲਜ਼ਮ ਸੋਨੂੰ ਖੱਤਰੀ ਪੰਜਾਬ ਵਿੱਚ ਖਤਰਨਾਕ ਵਾਰਦਾਤਾਂ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਗੈਂਗਸਟਰਾਂ ਨੇ ਪਹਿਲਾਂ ਵੀ ਪੰਜਾਬ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਅਤੇ ਇਨ੍ਹਾਂ ਤਿੰਨ ਗੈਂਗਸਟਰਾਂ ਉੱਤੇ 5 ਲੋਕਾਂ ਦੇ ਕਤਲ ਦੇ ਇਲਜ਼ਾਮ ਤੋਂ ਇਲਾਵਾ 7 ਲੋਕਾਂ ਉੱਤੇ ਕਾਤਲਾਨਾ ਹਮਲਾ ਕਰਨ ਅਤੇ ਹੋਰ ਲੁੱਟਾਂ-ਖੋਹਾਂ ਦੇ ਇਲਜ਼ਾਮ ਨੇ। ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਗੈਂਗਸਟਰ ਪੰਜਾਬ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਕੇ ਪੁਲਿਸ ਤੋਂ ਬਚਣ ਲਈ ਨੇਪਾਲ ਵਿੱਚ ਪਨਾਹ ਲੈਂਦੇ ਸਨ ਪਰ ਹੁਣ ਇਨ੍ਹਾਂ ਗੈਂਗਸਟਰਾਂ ਨੂੰ ਪੰਜਾਬ ਅਤੇ ਕੇਂਦਰੀ ਏਜੰਸੀਆਂ ਦੀ ਸਹਾਇਤਾ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਗੈਂਗਸਟਰਾਂ ਪਛਾਣ ਕੀਤੀ ਨਸ਼ਰ: ਪੰਜਾਬ ਡੀਜੀਪੀ ਗੌਰਵ ਯਾਦਵ ਨੇ ਗ੍ਰਿਫ਼ਤਾਰ ਕੀਤੇ ਗਏ ਸ਼ੂਟਰਾਂ ਦੀ ਪਛਾਣ ਜਲੰਧਰ ਦੇ ਨਿਊ ਦਿਓਲ ਨਗਰ ਦੇ ਸੁਖਮਨਜੋਤ ਸਿੰਘ ਉਰਫ਼ ਸੁਖਮਨ ਬਰਾੜ, ਐਸਬੀਐਸ ਨਗਰ ਦੇ ਪਿੰਡ ਲੋਧੀਪੁਰ ਦੇ ਜਸਕਰਨ ਸਿੰਘ ਉਰਫ਼ ਜੱਸੀ ਅਤੇ ਜਲੰਧਰ ਦੇ ਪਿੰਡ ਫਲੋਰੀਵਾਲ ਦੇ ਜੋਗਰਾਜ ਸਿੰਘ ਉਰਫ਼ ਜੋਗਾ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਇਨ੍ਹਾਂ ਕੋਲੋਂ 32 ਬੋਰ ਦੇ ਤਿੰਨ ਵਿਦੇਸ਼ੀ ਪਿਸਤੌਲ ਵੀ ਬਰਾਮਦ ਕੀਤੇ ਹਨ।
'ਇੱਕ ਪੈਨ-ਇੰਡੀਆ ਆਪਰੇਸ਼ਨ ਵਿੱਚ, AGTF-ਪੰਜਾਬ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਵਿੱਚ ਅੱਤਵਾਦੀ ਹਰਵਿੰਦਰ ਰਿੰਦਾ ਦੇ ਨਜ਼ਦੀਕੀ ਸਾਥੀ, ਗੈਂਗਸਟਰ ਸੋਨੂੰ ਖੱਤਰੀ ਦੁਆਰਾ ਸੰਚਾਲਿਤ ਕੀਤੇ ਗਏ 3 ਭਗੌੜੇ ਸ਼ੂਟਰਾਂ ਨੂੰ ਸਫਲਤਾਪੂਰਵਕ ਗ੍ਰਿਫਤਾਰ ਕੀਤਾ ਹੈ। 1 ਵਿਅਕਤੀ ਨੂੰ ਭਾਰਤ-ਨੇਪਾਲ ਸਰਹੱਦ ਤੋਂ ਅਤੇ 2 ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੋਨੂੰ ਖੱਤਰੀ ਦੇ ਨਿਰਦੇਸ਼ਾਂ 'ਤੇ ਪੰਜਾਬ ਸੂਬੇ ਵਿੱਚ ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਨੇਪਾਲ ਵਿੱਚ ਸਥਿਤ ਠਿਕਾਣਿਆਂ 'ਤੇ ਪਨਾਹ ਲੈਂਦੇ ਸਨ। ਜ਼ੀਰਕਪੁਰ ਦੇ ਮੈਟਰੋ ਪਲਾਜ਼ਾ ਵਿਖੇ ਦਿਨ-ਦਿਹਾੜੇ ਕੀਤੀ ਗਈ ਫਾਇਰਿੰਗ ਵਿੱਚ ਸ਼ਾਮਲ ਸਨ। ਗ੍ਰਿਫਤਾਰ 3 ਮੁਲਜ਼ਮ 5 ਕਤਲ, 7 ਕਤਲ ਦੀ ਕੋਸ਼ਿਸ਼ ਅਤੇ ਕਈ ਹੋਰ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹਨ.'।..ਗੋਰਵ ਯਾਦਵ,ਡੀਜਪੀ ਪੰਜਾਬ