ਪੰਜਾਬ

punjab

ETV Bharat / state

ਤਰਨਤਾਰਨ ਪੁਲਿਸ ਨੇ ਰਿੰਦਾ ਦੇ ਦੋ ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ, ਦੋ ਪਿਸਤੌਲ ਬਰਾਮਦ - Crime news of Punjab

ਪੰਜਾਬ ਪੁਲਿਸ ਵੱਲੋਂ ਲਖਬੀਰ ਲੰਡਾ, ਹਰਵਿੰਦਰ ਰਿੰਦਾ ਦੇ ਸਾਥੀਆਂ ਦੇ ਟਿਕਾਣਿਆਂ 'ਤੇ ਸੂਬਾ ਪੱਧਰੀ ਛਾਪੇਮਾਰੀ ਜਾਰੀ ਹੈ। ਲੰਡਾ ਅਤੇ ਰਿੰਦਾ ਨਾਲ ਸਬੰਧਤ ਸਾਰੇ ਟਿਕਾਣਿਆਂ 'ਤੇ 2000 ਪੁਲਿਸ ਮੁਲਾਜ਼ਮਾਂ ਵਾਲੀਆਂ 364 ਪੁਲਿਸ ਟੀਮਾਂ ਨੇ ਛਾਪੇਮਾਰੀ ਕੀਤੀ ਹੈ।

Tarn Taran police arrested two associates of Rinda; Two pistols recovered
ਤਰਨਤਾਰਨ ਪੁਲਿਸ ਨੇ ਰਿੰਦਾ ਦੇ ਦੋ ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ, ਦੋ ਪਿਸਤੌਲ ਬਰਾਮਦ

By

Published : Jun 25, 2023, 9:51 PM IST

ਚੰਡੀਗੜ੍ਹ:ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਗੈਂਗਸਟਰ-ਅੱਤਵਾਦੀ ਗਠਜੋੜ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਗੈਂਗਸਟਰਾਂ ਤੋਂ ਅੱਤਵਾਦੀ ਬਣੇ ਲਖਬੀਰ ਸਿੰਘ ਉਰਫ਼ ਲੰਡਾ ਅਤੇ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਸਾਥੀਆਂ ਦੇ ਸ਼ੱਕੀ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਇਕੋ ਸਮੇਂ ਸਵੇਰੇ 6 ਵਜੇ ਤੋਂ ਸਵੇਰੇ 11 ਵਜੇ ਤੱਕ ਕੀਤੀ ਗਈ, ਜਿਸ ਦੌਰਾਨ ਇਹਨਾਂ ਦੋਵਾਂ ਅਪਰਾਧੀਆਂ ਦੇ ਸਾਥੀਆਂ ਦੇ ਸਾਰੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ।

ਛਾਪਾਮਾਰੀ ਕਰ ਰਹੀਆਂ 364 ਟੀਮਾਂ :ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਇਸ ਆਪ੍ਰੇਸ਼ਨ ਨੂੰ ਸਫ਼ਲ ਬਣਾਉਣ ਲਈ ਮਜ਼ਬੂਤ ਪੁਲਿਸ ਟੀਮਾਂ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਸਦਾ ਉਦੇਸ਼ ਭਾਰਤ ਅਤੇ ਵਿਦੇਸ਼ ਅਧਾਰਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦਰਮਿਆਨ ਗਠਜੋੜ ਨੂੰ ਤੋੜਨਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੂੰ ਕਾਰਵਾਈ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈਣ ਲਈ ਵੀ ਕਿਹਾ ਗਿਆ ਸੀ। ਇਸ ਆਪ੍ਰੇਸ਼ਨ ਦੌਰਾਨ ਕਰੀਬ 2000 ਪੁਲਿਸ ਮੁਲਾਜ਼ਮਾਂ ਵਾਲੀਆਂ ਪੰਜਾਬ ਪੁਲਿਸ ਦੀਆਂ 364 ਟੀਮਾਂ ਵੱਲੋਂ ਲੰਡਾ ਅਤੇ ਰਿੰਦਾ ਨਾਲ ਸਬੰਧਤ ਸਾਰੀਆਂ ਪ੍ਰਮੁੱਖ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ।

ਸਪੈਸ਼ਲ ਡੀਜੀਪੀ ਨੇ ਕਿਹਾ ਕਿ ਅੱਜ ਦੀ ਤਲਾਸ਼ੀ ਮੁਹਿੰਮ ਦੀ ਯੋਜਨਾ ਲਖਬੀਰ ਲੰਡਾ ਅਤੇ ਹਰਵਿੰਦਰ ਰਿੰਦਾ ਦੀ ਹਮਾਇਤ ਵਾਲੇ ਮਾਡਿਊਲਾਂ ਦਾ ਹਾਲ ਹੀ ਵਿੱਚ ਪਰਦਾਫਾਸ਼ ਕਰਕੇ ਗ੍ਰਿਫ਼ਤਾਰ ਕੀਤੇ ਕਈ ਵਿਅਕਤੀਆਂ ਤੋਂ ਪੁੱਛਗਿੱਛ ਉਪਰੰਤ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਅਗਲੇਰੀ ਜਾਂਚ ਲਈ ਕਈ ਵਿਅਕਤੀਆਂ ਨੂੰ ਪੁੱਛਗਿੱਛ ਵਾਸਤੇ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਅਪਰਾਧਕ ਸਮੱਗਰੀ ਬਰਾਮਦ ਵੀ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਤਲਾਸ਼ੀ ਮੁਹਿੰਮ ਦੌਰਾਨ ਇਕੱਤਰ ਕੀਤੀ ਸਮੱਗਰੀ ਅਤੇ ਅੰਕੜਿਆਂ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਜਿਹੇ ਛਾਪੇ ਸਮਾਜ ਵਿਰੋਧੀ ਅਨਸਰਾਂ ਵਿੱਚ ਡਰ ਪੈਦਾ ਕਰਨ ਵਿੱਚ ਮਦਦ ਕਰਦੇ ਹਨ, ਜਦੋਂ ਕਿ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਦੇ ਹਨ।

ਹਥਿਆਰ ਵੀ ਕੀਤੇ ਬਰਾਮਦ :ਇਸ ਕਾਰਵਾਈ ਦੌਰਾਨ ਤਰਨਤਾਰਨ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਡੀ.ਐਸ.ਪੀ ਭਿੱਖੀਵਿੰਡ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਹਰਵਿੰਦਰ ਰਿੰਦਾ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਸਾਥੀਆਂ ਦੀ ਪਹਿਚਾਣ ਅਰਸ਼ਦੀਪ ਸਿੰਘ ਅਤੇ ਉਸਦੇ ਭਰਾ ਵਤਨਦੀਪ ਸਿੰਘ ਦੋਵੇਂ ਵਾਸੀ ਪਿੰਡ ਕੁੱਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ 'ਚੋਂ .30 ਬੋਰ ਦਾ ਸਟਾਰ ਪਿਸਟਲ ਅਤੇ .45 ਬੋਰ ਦੇ ਦੋ ਪਿਸਟਲਾਂ ਸਮੇਤ ਵੱਖ-ਵੱਖ ਬੋਰ ਦੇ 285 ਅਣਚੱਲੇ ਕਾਰਤੂਸ ਬਰਾਮਦ ਕੀਤੇ। ਇਸ ਦੇ ਨਾਲ ਹੀ ਉਹਨਾਂ ਕੋਲੋਂ 100 ਗ੍ਰਾਮ ਅਫੀਮ ਅਤੇ 250 ਕਿਲੋ ਲਾਹਣ ਬਰਾਮਦ ਕੀਤਾ। ਐਸਐਸਪੀ ਤਰਨਤਾਰਨ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਦੋਵਾਂ ਭਰਾਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ABOUT THE AUTHOR

...view details