ਚੰਡੀਗੜ੍ਹ: ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਫੋਰਟਿਸ ਹਸਪਤਾਲ ਤੋਂ ਲਿਆ ਕੇ ਪਾਰਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ। 95 ਸਾਲਾਂ ਦੇ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡਾ ਸਿਆਸੀ ਤਜਰਬਾ ਸੀ। ਉਹ 1947 ਤੋਂ ਬਾਅਦ ਲਗਾਤਾਰ ਸਿਆਸਤ ਵਿਚ ਸਰਗਰਮ ਅਤੇ ਅਖੀਰ ਤੱਕ ਸਰਗਰਮ ਸਿਆਸਤ ਦਾ ਹਿੱਸਾ ਰਹੇ। ਉਹਨਾਂ ਦੇ ਅੰਤਿਮ ਦਰਸ਼ਨਾਂ ਲਈ ਲੋਕ ਦੂਰੋਂ-ਦੂਰੋਂ ਪਹੁੰਚ ਰਹੇ ਹਨ। ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਅੱਜ ਸਾਰੇ ਰਾਜਨੀਤਿਕ ਰੋਸੇ ਭੁੱਲਾ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਵਾਰ ਅਲਵਿਦਾ ਆਖਣ ਪਹੁੰਚੇ।
ਨਮ ਹੋ ਰਹੀਆਂ ਅੱਖਾਂ:ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ। ਉਹਨਾਂ ਦੇ ਜੱਦੀ ਪਿੰਡ ਬਾਦਲ ਵਿਚ ਕੱਲ੍ਹ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਹਨਾਂ ਦੇ ਸਮਰਥਕਾਂ ਦੀਆਂ ਅੱਖਾਂ ਨਮ ਹੋ ਰਹੀਆਂ ਸਨ। ਸੁਖਬੀਰ ਬਾਦਲ ਵੀ ਆਪਣੇ ਪਿਤਾ ਦੇ ਅੰਤਿਮ ਦਰਸ਼ਨਾਂ ਮੌਕੇ ਭਾਵੁਕ ਹੁੰਦੇ ਵਿਖਾਈ ਦਿੱਤੇ। ਮਨਪ੍ਰੀਤ ਬਾਦਲ ਵੀ ਇਸ ਮੌਕੇ ਆਪਣੇ ਪਰਿਵਾਰਿਕ ਦੁੱਖ ਵਿਚ ਸ਼ਰੀਕ ਹੋਏ ਅਤੇ ਭਾਵੁਕ ਹੋ ਰਹੇ ਸਨ। ਇਸ ਮੌਕੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ, ਬੀਬੀ ਜਗੀਰ ਕੌਰ, ਬੀਬੀ ਰਜਿੰਦਰ ਕੌਰ ਭੱਠਲ, ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਹਰਪਾਲ ਚੀਮਾ, ਅਸ਼ਵਨੀ ਸ਼ਰਮਾ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਰੱਖੜਾ, ਬਸਪਾ ਆਗੂ ਜਸਬੀਰ ਸਿੰਘ ਗੜੀ, ਓਮ ਪ੍ਰਕਾਸ਼ ਚੋਟਾਲਾ, ਕੇਵਲ ਸਿੰਘ ਢਿੱਲੋਂ, ਪਰਮਜੀਤ ਸਿੰਘ ਸਰਨਾ, ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਅਤੇ ਹੋਰ ਕਈ ਸਿਆਸੀ ਆਗੂ ਉਹਨਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਚੰਡੀਗੜ੍ਹ ਪਹੁੰਚ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ।