ਚੰਡੀਗੜ੍ਹ: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਦੀਆਂ ਹਦਾਇਤਾਂ ਉਤੇ ਵਿਭਾਗ ਨੇ ਆਂਗਨਵਾੜੀ ਵਰਕਰਾਂ ਚੋਂ ਸੁਪਰਵਾਈਜ਼ਰਾਂ ਦੀ ਤਰੱਕੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੀਆਂ ਸੂਚੀਆਂ ਵੈੱਬਸਾਈਟ ਉਤੇ ਪਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਕੈਬਿਨੇਟ ਮੰਤਰੀ ਨੇ ਕੁੱਝ ਦਿਨ ਪਹਿਲਾਂ ਇਕ ਉੱਚ ਪੱਧਰੀ ਮੀਟਿੰਗ ਵਿੱਚ ਅਧਿਕਾਰੀਆਂ ਨੂੰ ਆਂਗਨਵਾੜੀ ਵਰਕਰਾਂ ਦੀਆਂ ਸਮੱਸਿਆਵਾਂ ਅਤੇ ਮੁੱਦੇ ਹੱਲ ਕਰਨ ਲਈ ਕਿਹਾ ਸੀ।
ਜਾਰੀ ਬਿਆਨ ਵਿੱਚ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਂਗਨਵਾੜੀ ਵਰਕਰਾਂ ਵਿੱਚੋਂ ਸੁਪਰਵਾਈਜ਼ਰਾਂ ਦੀ ਤਰੱਕੀ ਕਰਨ ਦੀ ਮੰਗ ਲੰਮੇ ਸਮੇਂ ਤੋਂ ਚੱਲ ਰਹੀ ਸੀ ਜਿਸ ਨੂੰ ਪੂਰਾ ਕਰਦਿਆਂ ਵਿਭਾਗ ਨੇ ਹੁਣ ਇਹ ਪ੍ਰਕਿਰਿਆ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ 'ਨਾਨ ਮਨਿਸਟਰੀਅਲ ਸੇਵਾ ਨਿਯਮ 2001' ਅਨੁਸਾਰ ਕੀਤੀ ਜਾ ਰਹੀ ਇਸ ਤਰੱਕੀ ਲਈ ਯੋਗ ਪਾਏ ਗਏ ਉਮੀਦਵਾਰਾਂ ਦੀਆਂ ਸੂਚੀਆਂ ਕੈਟੇਗਰੀ ਵਾਈਜ਼ ਵਿਭਾਗ ਦੀ ਵੈੱਬਸਾਈਟ www.sswcd.punjab.gov.in ਉਤੇ ਪਾਈਆਂ ਗਈਆਂ ਹਨ।