ਚੰਡੀਗੜ੍ਹ: ਪੰਜਾਬ ਦੇ ਲੋਕਾਂ ਨੇ ਬੜੀਆਂ ਉਮੀਦਾਂ ਲਾ ਕੇ ਜਿੰਨ੍ਹਾਂ ਨੂੰ ਸਟੇਟ ਸੌਂਪੀ ਸੀ ਉਹ ਸਟੇਜਾਂ ਵੱਲ ਵਾਰ ਵਾਰ ਚਲੇ ਜਾਂਦੇ ਹਨ। ਇੰਨ੍ਹਾਂ ਨੂੰ ਹਾਲੇ ਤੱਕ ਸਟੇਟ ਤੇ ਸਟੇਜ ਵਿੱਚ ਫਰਕ ਸਮਝ ਨਹੀਂ ਆਇਆ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਹੈਡ ਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। Jakhar Target on CM Mann
ਨਿਰਪੱਖਤਾ ਦੀ ਉਮੀਦ ਘੱਟ: ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਬਹਿਸ ਦਾ ਚੈਲੇਂਜ ਤਾਂ ਮਜ਼ਾਕ ਵਿੱਚ ਕਰ ਦਿੱਤਾ ਗਿਆ ਪਰ ਸੰਜੀਦਾ ਮੁੱਦਿਆਂ 'ਤੇ ਚਰਚਾ ਨੂੰ ਲੈ ਕੇ ਉਹ ਹਾਲੇ ਵੀ ਗੰਭੀਰ ਨਜ਼ਰ ਨਹੀਂ ਆ ਰਹੇ। ਜਾਖੜ ਨੇ ਕਿਹਾ ਕਿ ਜਿਹੜੇ ਯਾਰ ਨੂੰ ਮੁੱਖ ਮੰਤਰੀ ਵੱਲੋਂ 1 ਨਵੰਬਰ ਦੀ ਬਹਿਸ ਲਈ ਸੰਚਾਲਕ ਬਣਾਇਆ ਗਿਆ ਹੈ,ਬੇਸ਼ੱਕ ਉਹਨਾਂ ਦੀ ਕਾਬਲੀਅਤ 'ਤੇ ਸ਼ੱਕ ਨਾ ਕੀਤਾ ਜਾ ਸਕਦਾ ਹੋਵੇ ਪਰ ਉਹਨਾਂ ਤੋਂ ਨਿਰਪੱਖਤਾ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਜਿਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹਿਮੋ ਕਰਮ 'ਤੇ ਖ਼ਾਸ ਜ਼ਿੰਮੇਵਾਰੀ ਮਿਲੀ ਹੋਵੇ।
ਪੰਜਾਬ ਦੇ ਲੋਕ ਦੇਣ ਸੁਝਾਅ: ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪ੍ਰੋਫੈਸਰ ਨਿਰਮਲ ਜੌੜਾ ਨੂੰ ਸਹਿਤਕਾਰ ਤੇ ਨਾਟਕਕਾਰ ਦੇ ਨਾਲ-ਨਾਲ ਸਟੇਜ ਸਾਂਭਣ ਵਿੱਚ ਮੁਹਾਰਤ ਤਾਂ ਹੈ ਪਰ ਉਹ ਕਿਵੇਂ ਪੰਜਾਬ ਦੇ ਗੰਭੀਰ ਮੁੱਦਿਆਂ 'ਤੇ ਹੋਣ ਵਾਲੀ ਬਹਿਸ ਵਿੱਚ ਨਿਰਪੱਖਤਾ ਵਿਖਾਉਣਗੇ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਜਵਾਬ ਤਾਂ ਪੰਜਾਬ ਤੁਹਾਡੇ ਤੋਂ ਮੰਗ ਰਿਹਾ ਹੈ, ਤੁਸੀਂ ਸਿਰਫ ਜਵਾਬ ਲੈ ਕੇ ਆਉਣੇ ਹਨ ਸਵਾਲ ਤਾਂ ਤੁਹਾਨੂੰ ਅਸੀਂ ਪੁੱਛਾਂਗੇ। ਉਹਨਾਂ ਕਿਹਾ ਕਿ ਬਹਿਸ ਵਿੱਚ ਭਾਜਪਾ ਪੂਰੀ ਤਿਆਰੀ ਨਾਲ ਜਾਵੇਗੀ, ਜਿਸ ਤਹਿਤ ਪੰਜਾਬ ਦੇ ਪਾਣੀ, ਕਿਸਾਨੀ, ਜਵਾਨੀ, ਨਸ਼ੇ ਤੇ ਸੂਬੇ 'ਚ ਬਣੇ ਡਰ ਦੇ ਮਾਹੌਲ ਦੇ ਮੁੱਦੇ ਤਾਂ ਉਹ ਚੁੱਕਣਗੇ ਪਰ ਹੋਰ ਕਿਹੜੇ ਮੁੱਦਿਆਂ 'ਤੇ ਸਰਕਾਰ ਤੋਂ ਜਵਾਬ ਲੈਣੇ ਹਨ, ਉਸ ਲਈ ਉਹ ਪੰਜਾਬ ਦੇ ਲੋਕਾਂ ਤੋਂ ਸੁਝਾਅ ਲੈਣਾ ਚਾਹੁੰਦੇ ਹਨ।
ਜਾਖੜ ਵਲੋਂ ਵਟਸਐਪ ਨੰਬਰ ਜਾਰੀ: ਇਸ ਦੇ ਚੱਲਦਿਆਂ ਸੁਨੀਲ ਜਾਖੜ ਵਲੋਂ 7508560065 ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ। ਜਿਸ 'ਤੇ ਪੰਜਾਬ ਦੇ ਲੋਕ ਆਪਣੇ ਸੁਝਾਅ ਭੇਜ ਸਕਦੇ ਹਨ। ਜਾਖੜ ਨੇ ਕਿਹਾ ਕਿ ਮੈਂ ਟੈਗੋਰ ਥੀਏਟਰ ਇਸ ਲਈ ਮਨਾ ਕੀਤਾ ਸੀ ਕਿਉਂਕਿ ਅਸੀਂ ਨਾਟਕ ਨਹੀਂ ਖੇਡਣੇ ਤੇ ਨਾ ਹੀ ਮੈਨੂੰ ਨਾਟਕ ਆਉਂਦੇ ਹਨ। ਸਗੋਂ ਪੰਜਾਬ ਦੀ ਹੋਂਦ ਦੇ ਮਸਲੇ 'ਤੇ ਚਰਚਾ ਕਰਨੀ ਹੈ ਪਰ ਇਹਨਾਂ ਫਿਰ ਆਪਣੇ ਨਾਟਕਕਾਰ ਦੋਸਤ ਨੂੰ ਸੰਚਾਲਨ ਦੀ ਜਿੰਮੇਵਾਰੀ ਪਤਾ ਨਹੀਂ ਕੀ ਸੋਚ ਕੇ ਸੌਂਪ ਦਿੱਤੀ। ਜਿਸ ਦਾ ਮੁੱਖ ਮੰਤਰੀ ਨੂੰ ਜਵਾਬ ਤਾਂ ਲੋਕਾਂ ਨੂੰ ਦੇਣਾ ਪਵੇਗਾ। ਉਨਾਂ ਕੁੰਵਰ ਵਿਜੇ ਪ੍ਰਤਾਪ ਸਮੇਤ ਪੰਜਾਬ ਦੇ ਵਿਧਾਇਕਾਂ ਨੂੰ ਵੀ ਸੱਦਾ ਦਿੱਤਾ ਕਿ ਜਿਹੜੇ ਪੰਜਾਬ ਦੇ ਹਿੱਤਾਂ ਲਈ ਸਰਕਾਰ ਤੋਂ ਜਵਾਬ ਲੈਣਾ ਚਾਹੁੰਦੇ ਹਨ, ਉਹ ਇਸ ਬਹਿਸ 'ਚ ਜ਼ਰੂਰ ਪੁੱਜਣ।
ਮੁੱਖ ਮੰਤਰੀ ਮਾਨ ਦਾ ਟਵੀਟ:ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਸੀ। ਜਿਸ 'ਚ ਮੁੱਖ ਮੰਤਰੀ ਮਾਨ ਲਿਖਦੇ ਹਨ ਕਿ 'ਲੁਧਿਆਣਾ ਵਿਖੇ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਮ ਹੋਵੇਗਾ “ ਮੈਂ ਪੰਜਾਬ ਬੋਲਦਾ ਹਾਂ “ ਦੁਪਿਹਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਜੋ ਹੁਣ ਤੱਕ ਸੱਤਾ 'ਚ ਰਹੀਆਂ ਆਪਣਾ ਪੱਖ ਰੱਖਣਗੀਆਂ। ਹਰੇਕ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੇਗਾ। ਪ੍ਰੋ ਨਿਰਮਲ ਜੌੜਾ ਜੀ ਮੰਚ ਸੰਚਾਲਨ ਕਰਨਗੇ..ਪੰਜਾਬੀਆਂ ਨੂੰ ਖੁੱਲਾ ਸੱਦਾ। “ਪੰਜਾਬ ਮੰਗਦਾ ਜਵਾਬ”