ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਬਿੱਲਾਂ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਚੁੱਪ 'ਤੇ ਸੁਨੀਲ ਜਾਖੜ ਨੇ ਸਵਾਲੀਆ ਨਿਸ਼ਾਨ ਲਾਏ ਹਨ। ਸੁਨੀਲ ਜਾਖੜ ਨੇ ਕਿਹਾ ਹੈ ਕਿ ਇਹ ਚੁੱਪ ਵੱਡੀ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ ਅਤੇ ਇਸ ਪਿੱਛੇ ਭਾਜਪਾ ਨਾਲ ਕੋਈ ਸਿਆਸੀ ਗੰਢ-ਤੁੱਪ ਚਲਦੀ ਜਾਪਦੀ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਕਿਸਾਨੀ ਨੂੰ ਬਚਾਉਣ ਅਤੇ ਦੇਸ਼ ਦੇ ਸੰਘੀ ਢਾਂਚੇ ਨੂੰ ਕਾਇਮ ਰੱਖਣ ਲਈ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਲਿਆ ਕੇ ਇਤਿਹਾਸ ਸਿਰਜਿਆ ਹੈ। ਕਾਂਗਰਸ ਦੇ ਨਾਲ-ਨਾਲ ਦੂਜੇ ਸੂਬਿਆਂ ਦੀਆਂ ਗੈਰ-ਭਾਜਪਾ ਜਾਂ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਵੀ ਰਾਹ ਦਿਖਾਇਆ ਹੈ। ਇਹ ਸਰਕਾਰਾਂ ਵੀ ਪੰਜਾਬ ਦੇ ਨਕਸ਼ੇ-ਕਦਮ ਉਤੇ ਚੱਲਦਿਆਂ ਆਪਣੀਆਂ ਵਿਧਾਨ ਸਭਾਵਾਂ ਵਿੱਚ ਅਜਿਹੇ ਬਿੱਲ ਲਿਆ ਸਕਦੀਆਂ ਹਨ।
ਵਿਧਾਨ ਸਭਾ 'ਚ ਪਾਸ ਬਿੱਲਾਂ 'ਤੇ ਸੁਖਬੀਰ ਵੱਲੋਂ ਧਾਰੀ ਚੁੱਪ ਪਿੱਛੇ ਕੋਈ ਵੱਡੀ ਸਾਜ਼ਿਸ਼: ਸੁਨੀਲ ਜਾਖੜ ਕਾਂਗਰਸ ਪ੍ਰਧਾਨ ਨੇ ‘ਆਪ’ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪਾਰਟੀ ਨੇ ਪਹਿਲਾਂ ਤਾਂ ਵਿਧਾਨ ਸਭਾ ਵਿੱਚ ਇਨ੍ਹਾਂ ਬਿੱਲਾਂ ਦਾ ਖੁੱਲ੍ਹ ਕੇ ਸਮਰਥਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਭਰਪੂਰ ਸ਼ਲਾਘਾ ਕੀਤੀ, ਪਰ ਬਾਅਦ ਵਿੱਚ ਬਾਹਰ ਆ ਕੇ ਵਿਰੁੱਧ ਰੌਲਾ ਪਾ ਕੇ ਪਾਰਟੀ ਦੇ ‘ਪਲਟੂ’ ਰੋਗ ਤੋਂ ਪੀੜਤ ਹੋਣ ਦਾ ਸਬੂਤ ਦਿੱਤਾ।
ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਤਿੰਨ ਮਹੀਨੇ ਤੱਕ ਇਨ੍ਹਾਂ ਖੇਤੀ ਬਿੱਲਾਂ ਦੇ ਸੋਹਲੇ ਗਾਉਂਦਾ ਰਿਹਾ ਅਤੇ ਫਿਰ ਯਕਦਮ ‘ਪਲਟੂ’ ਰੋਗ ਨਾਲ ਪੀੜਤ ਹੋਣ ਦਾ ਸਬੂਤ ਦਿੰਦਿਆਂ ਇਨ੍ਹਾਂ ਨੂੰ ਕਾਲੇ ਕਾਨੂੰਨ ਦੱਸਣ ਲੱਗ ਪਿਆ। ਹੁਣ ਅਕਾਲੀ ਦਲ ਦੀ ਤਰਜ਼ ਉੱਤੇ ਹੀ ‘ਆਪ’ ਵੀ ਇਸੇ ਰੋਗ ਤੋਂ ਪੀੜਤ ਹੋ ਚੁੱਕੀ ਹੈ ਅਤੇ ਵਿਧਾਨ ਸਭਾ ਵਿੱਚ ਬਿੱਲਾਂ ਦਾ ਸਮਰਥਨ ਕਰਨ ਤੋਂ ਬਾਅਦ ਹੁਣ ਇਸ ਦੀਆਂ ਕਾਨੂੰਨੀ ਖਾਮੀਆਂ ਕੱਢਣ ਲੱਗ ਪਈ ਹੈ।
ਵਿਧਾਨ ਸਭਾ 'ਚ ਪਾਸ ਬਿੱਲਾਂ 'ਤੇ ਸੁਖਬੀਰ ਵੱਲੋਂ ਧਾਰੀ ਚੁੱਪ ਪਿੱਛੇ ਕੋਈ ਵੱਡੀ ਸਾਜ਼ਿਸ਼: ਸੁਨੀਲ ਜਾਖੜ ਜਾਖੜ ਨੇ ਕਿਹਾ ਕਿ ਅਕਾਲੀ ਦਲ ਤੇ ‘ਆਪ’ ਪੰਜਾਬ ਨੂੰ ਮੰਡੀ ਐਲਾਨਣ ਦਾ ਜੋ ਰੌਲਾ ਪਾ ਰਹੀਆਂ ਹਨ, ਉਸ ਨਾਲ ਕਿਸੇ ਹੋਰ ਦਾ ਨਹੀਂ, ਸਗੋਂ ਪੰਜਾਬ ਦੇ ਛੋਟੇ ਵਪਾਰੀਆਂ ਦਾ ਨੁਕਸਾਨ ਹੋਵੇਗਾ। ਕਿਉਂਕਿ ਜੇ ਅਸੀਂ ਪੂਰੇ ਪੰਜਾਬ ਨੂੰ ਹੀ ਮੰਡੀ ਐਲਾਨ ਦਿੱਤਾ ਤਾਂ ਪਿੰਡਾਂ ਵਿੱਚ ਬੈਠੇ ਛੋਟੇ ਦੁਕਾਨਦਾਰ ਅਤੇ ਹੋਰ ਕੰਮ-ਧੰਦੇ ਕਰਨ ਵਾਲੇ ਵੀ ਮੰਡੀ ਟੈਕਸ ਅਤੇ ਹੋਰ ਕਾਨੂੰਨਾਂ ਦੇ ਘੇਰੇ ਵਿੱਚ ਆ ਜਾਣਗੇ।
ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਤੇ ਕੇਂਦਰੀ ਮੰਤਰੀਆਂ ਨੂੰ ਖੇਤੀ ਕਾਨੂੰਨਾਂ ਬਾਰੇ ਬਹਿਸ ਦੀ ਚੁਣੌਤੀ ਦਿੰਦਿਆਂ ਜਾਖੜ ਨੇ ਕਿਹਾ ਕਿ ਮੇਰੇ ਨਾਲ ਇਨ੍ਹਾਂ ਕਾਨੂੰਨਾਂ ਦੇ ਕਿਸਾਨ ਹਿੱਤ ਪਹਿਲੂਆਂ ਬਾਰੇ ਕਦੇ ਵੀ ਅਤੇ ਕਿਤੇ ਵੀ ਚਰਚਾ ਕਰ ਸਕਦੇ ਹਨ। ਜੇ ਇਸ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਬਾਬਤ ਰਸਮੀ ਸੱਦਾ ਵੀ ਭਿਜਵਾ ਦੇਣਗੇ।