ਚੰਡੀਗੜ੍ਹ: ਸਵੇਰੇ ਤੜਕਸਾਰ ਜਲਾਲਾਬਾਦ ਪੁਲਿਸ ਵਲੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਦੀ ਚੰਡੀਗੜ੍ਹ ਰਿਹਾਇਸ਼ 'ਤੇ ਰੇਡ ਕਰਕੇ ਉਨ੍ਹਾਂ ਨੂੰ ਇੱਕ ਪੁਰਾਣੇ ਐੱਨ.ਡੀ.ਪੀ.ਐੱਸ. ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਜਿਸ 'ਚ ਗ੍ਰਿਫ਼ਤਾਰੀ ਤੋਂ ਬਾਅਦ ਸੁਖਪਾਲ ਖਹਿਰਾ ਦਾ ਪਹਿਲਾਂ ਵੱਡਾ ਬਿਆਨ ਸਾਹਮਣੇ ਆਇਆ ਹੈ। ਜਿਸ 'ਚ ਸੁਖਪਾਲ ਖਹਿਰਾ ਨੇ ਸੂਬੇ ਦੀ ਸਰਕਾਰ ਅਤੇ ਖਾਸਕਰ ਮੁੱਖ ਮੰਤਰੀ ਭਗਵੰਤ ਮਾਨ 'ਤੇ ਬਦਲਾਖੋਰੀ ਦੇ ਇਲਜ਼ਾਮ ਲਗਾਏ ਹਨ ਤੇ ਕਿਹਾ ਕਿ ਭਗਵੰਤ ਮਾਨ ਮੇਰੇ ਖੂਨ ਦਾ ਪਿਆਸਾ ਹੈ। (Sukhpal Khaira NDPS Case)
'ਮੇਰੇ ਖੂਨ ਦਾ ਪਿਆਸਾ ਭਗਵੰਤ ਮਾਨ': ਇਸ 'ਚ ਸੁਖਪਾਲ ਖਹਿਰਾ ਦਾ ਕਹਿਣਾ ਕਿ ਮੇਰੇ ਉੱਤੇ ਸਿਰਫ਼ ਕਾਲ ਰਿਕਾਰਡ ਦੇ ਆਧਾਰ ਉੱਤੇ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮੈਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੋਈ ਹੈ ਫਿਰ ਵੀ ਜੇ ਵਿਸ਼ੇਸ਼ ਜਾਂਚ ਟੀਮ ਮੈਨੂੰ ਨੋਟਿਸ ਭੇਜਦੀ ਤਾਂ ਮੈਂ ਆਪ ਉਨ੍ਹਾਂ ਕੋਲ ਚਲਾ ਜਾਂਦਾ। ਖਹਿਰਾ ਨੇ ਕਿਹਾ ਕਿ "ਭਗਵੰਤ ਮਾਨ ਮੇਰੇ ਖ਼ੂਨ ਦਾ ਪਿਆਸਾ ਹੋ ਗਿਆ ਹੈ। ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਉਹ ਮੈਨੂੰ ਸਰੀਰਕ ਤੌਰ 'ਤੇ ਵੀ ਖ਼ਤਮ ਕਰ ਦਿੰਦੇ ਹਨ। ਮੈਨੂੰ ਕੁਝ ਬਹੁਤ ਖ਼ਤਰਨਾਕ ਮਹਿਸੂਸ ਹੋ ਰਿਹਾ ਹੈ। ਖਹਿਰਾ ਦਾ ਕਹਿਣਾ ਕਿ ਭਗਵੰਤ ਮਾਨ ਪੰਜਾਬ 'ਚ ਕਾਂਗਰਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਜਿਸ ਕਾਰਨ 'ਆਪ' ਨੇ ਪੰਜਾਬ 'ਚ ਕਾਂਗਰਸ ਨੂੰ ਹਾਸ਼ੀਏ 'ਤੇ ਪਹੁੰਚਾਉਣ ਲਈ ਅਜਿਹਾ ਕੀਤਾ ਹੈ।ਆਖਰਕਾਰ ਸੱਚ ਦੀ ਜਿੱਤ ਹੋਵੇਗੀ।"
ਸਾਲ 2015 'ਚ ਦਰਹ ਹੋਇਆ ਸੀ ਕੇਸ: ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਨ.ਡੀ.ਪੀ.ਐੱਸ. ਐਕਟ ਤਹਿਤ 2015 ਵਿੱਚ ਇਕ ਐੱਫ.ਆਈ.ਆਰ. ਦਰਜ ਹੋਈ ਸੀ। ਇਸ ਮਾਮਲੇ ਵਿੱਚ ਮੇਰੇ ਹਲਕੇ ਦੇ ਇਕ ਵਿਅਕਤੀ ਗੁਰਦੇਵ ਸਿੰਘ ਦਾ ਨਾਂ ਵੀ ਸ਼ਾਮਲ ਸੀ। ਗੁਰਦੇਵ ਸਿੰਘ ਮੈਨੂੰ ਫੋਨ ਕਾਲ ਕਰਦਾ ਹੁੰਦਾ ਸੀ ਤੇ ਮੈਂ ਉਸ ਨੂੰ ਫੋਨ ਕਰਨ ਤੋਂ ਇਨਕਾਰ ਵੀ ਕੀਤਾ ਸੀ । ਮੈਂ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਸੀ ਅਤੇ ਹਾਂ ਇਸ ਕਰਕੇ ਫੋਨ ਚੁੱਕਣਾ ਮੇਰਾ ਫਰਜ਼ ਵੀ ਸੀ। ਸਿਰਫ ਇਸ ਫੋਨ ਕਾਲ ਦੇ ਆਧਾਰ 'ਤੇ ਮੈਨੂੰ ਇਸ ਮਾਮਲੇ ਵਿੱਚ ਪਹਿਲਾਂ ਬਾਦਲ ਸਰਕਾਰ ਨੇ ਫਸਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਕੋਰਟ 'ਚੋਂ ਮੈਨੂੰ ਤਲਬ ਕਰਵਾਇਆ ਗਿਆ। ਹੁਣ ਮੌਜੂਦਾ ਸਰਕਾਰ ਵੀ ਉਸੇ ਰਾਹਾਂ 'ਤੇ ਚੱਲ ਪਈ ਹੈ।