ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੋਕ ਇਨਸਾਫ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਖ਼ਿਲਾਫ ਬਦਲਾਖੋਰੀ ਦੀ ਨੀਤੀ ਤਹਿਤ ਅਪਾਰਧਿਕ ਮਾਮਲਾ ਦਰਜ਼ ਕੀਤੇ ਜਾਣ ਦੀ ਕੜੇ ਸ਼ਬਦਾ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੁਕੱਦਮੇ ਨੂੰ ਛੇਤੀ ਤੋਂ ਛੇਤੀ ਵਾਪਸ ਲੈਣ ਤੇ ਬੇਦੋਸ਼ੇ 23 ਲੋਕਾਂ ਦੀ ਮੌਤ ਦੇ ਜ਼ਿੰਮੇਵਾਰ ਗੁਰਦਾਸਪੁਰ ਦੇ ਜਿਲ੍ਹਾਂ ਅਧਿਕਾਰੀਆਂ ਖ਼ਿਲਾਫ ਸਖ਼ਤ ਤੋਂ ਸਖ਼ਤ ਕਰਵਾਈ ਕੀਤੀ ਜਾਵੇ।
ਸੁਖਪਾਲ ਖਹਿਰਾ ਨੇ ਕੈਪਟਨ ਨੂੰ ਸੁਣਾਈਆਂ ਖਰੀਆਂ-ਖਰੀਆਂ - ਸੁਖਪਾਲ ਖਹਿਰਾ
ਬਟਾਲਾ ਧਮਾਕੇ ਮਾਮਲੇ ਨੂੰ ਲੈ ਕੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨਾਲ ਬਹਿਸਬਾਜ਼ੀ ਕਰਨ ਨੂੰ ਲੈ ਕੇ ਸਿਮਰਜੀਤ ਬੈਂਸ 'ਤੇ ਕੇਸ ਕੀਤਾ ਗਿਆ ਹੈ। ਬੈਂਸ ਦੀ ਲੰਘੇ ਦਿਨ ਡਿਪਟੀ ਕਮਿਸ਼ਨਰ ਨਾਲ ਤਿੱਖੀ ਨੋਕ-ਝੋਕ ਹੋਈ ਸੀ।
ਖਹਿਰਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕੈਪਟਨ ਅਮਰਿੰਦਰ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਉਨ੍ਹਾਂ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਅਸਲ ਵਿੱਚ ਬਟਾਲਾ ਪਟਾਕਾ ਫੈਕਟਰੀ ਧਮਾਕੇ ਵਿੱਚ 23 ਬੇਕਸੂਰ ਲੋਕਾਂ ਦੇ ਮਾਰੇ ਜਾਣ ਦੇ ਜ਼ਿੰਮੇਵਾਰ ਹਨ। ਗ਼ਲਤੀ ਤੇ ਅਣਗਹਿਲੀ ਵਰਤਣ ਵਾਲੇ ਅਫ਼ਸਰਾਂ ਖ਼ਿਲਾਫ਼ ਕਰਵਾਈ ਕਰਨ ਦੀ ਬਜਾਏ ਕੈਪਟਨ ਨੇ ਡੀ.ਸੀ ਨਾਲ ਬਹਿਸ ਕੀਤੇ ਜਾਣ ਦੇ ਬਹਾਨੇ ਬੈਂਸ ਖ਼ਿਲਾਫ ਸਿਆਸੀ ਹਿਸਾਬ ਬਰਾਬਰ ਕਰਨ ਲਈ ਬਦਲਾਖੋਰੀ ਦੀ ਕਾਰਵਾਈ ਕੀਤੀ ਹੈ।
ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਮ੍ਰਿਤਕ ਦੇਹ ਲੈਣ ਲਈ ਉਸ ਦੇ ਵਾਰਿਸ ਮਨਜੀਤ ਸਿੰਘ ਨੂੰ ਨਾਲ ਲੈ ਕੇ ਬੈਂਸ ਡੀ.ਸੀ ਕੋਲ ਗਏ ਸਨ ਪਰ ਡੀ.ਸੀ ਦਾ ਵਤੀਰਾ ਹੈਰਾਨੀਜਨਕ ਅਤੇ ਅਪਮਾਨ ਭਰਿਆ ਸੀ। ਪੀੜਤਾਂ ਲਈ ਇਨਸਾਫ਼ ਮੰਗਣ ਗਏ ਬੈਂਸ ਦੇ ਖ਼ਿਲਾਫ ਮੁਕੱਦਮਾ ਰੱਦ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਅਫਸਰਾਂ ਖ਼ਿਲਾਫ ਸਖ਼ਤ ਤੋਂ ਸਖ਼ਤ ਕਰਵਾਈ ਹੋਣੀ ਚਾਹੀਦੀ ਜੋ 23 ਲੋਕਾਂ ਦੀ ਮੌਤ ਦੇ ਜ਼ਿੰਮੇਵਾਰ ਹਨ।