ਕੁੱਟਮਾਰ ਮਾਮਲੇ 'ਚ ਆਇਆ ਨਵਾਂ ਮੋੜ ਚੰਡੀਗੜ੍ਹ: ਪਿਛਲੇ ਦਿਨੀਂ ਇੱਕ ਮਾਮਲਾ ਸਾਹਮਣੇ ਆਇਆ ਸੀ, ਜਦੋਂ ਇੱਕ ਨੌਜਵਾਨ ਵਲੋਂ ਸਾਬਕਾ ਮੰਤਰੀ ਸੁਖਜਿੰਦਰ ਰੰਧਾਵਾ ਦੇ ਪੁੱਤ 'ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਸੀ। ਇਸ ਦੌਰਾਨ ਸੁਖਜਿੰਦਰ ਰੰਧਾਵਾ ਦੇ ਬੇਟੇ ਉਦੈਵੀਰ ਅਤੇ ਨਰਵੀਰ ਗਿੱਲ ਦਰਮਿਆਨ ਹੋਈ ਲੜਾਈ ਨੂੰ ਲੈ ਕੇ ਪੀੜਤ ਗਿੱਲ ਵੱਲੋਂ ਅੱਜ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਇਸ ਤੋਂ ਸਭ ਕੁਝ ਸਾਹਮਣੇ ਆ ਜਾਵੇਗਾ ਕਿ ਕਿਸ ਤਰ੍ਹਾਂ ਇਨ੍ਹਾਂ ਲੋਕਾਂ ਨੇ ਮੈਨੂੰ ਕੁੱਟਿਆ ਅਤੇ ਤਸ਼ੱਦਦ ਕੀਤਾ। ਇਹ ਵੀਡੀਓ ਉਦੈਵੀਰ ਰੰਧਾਵਾ ਦੀ ਹੈ ਜਿਸਨੇ ਕੁੱਟਮਾਰ ਦੌਰਾਨ ਖੁਦ ਵੀਡੀਓ ਬਣਾਈ ਸੀ। ਕੁੱਟਣ ਤੋਂ ਬਾਅਦ ਵੀ ਉਹ ਸਮਝੌਤਾ ਕਰਨ ਲਈ ਦਬਾਅ ਪਾਉਂਦੇ ਰਹੇ ਤਾਂ ਕਿ ਉਹ ਸਾਰੀ ਉਮਰ ਮੈਨੂੰ ਜ਼ਲੀਲ ਕਰ ਸਕਣ।
"ਕੇਸ ਵਾਪਸ ਨਹੀਂ ਲਵਾਂਗਾ":ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਦਿਆਂ ਨਿਰਵੀਰ ਨੇ ਕਿਹਾ ਕਿ ਮੈਂ ਉਨ੍ਹਾਂ ਨਾਲ ਕਾਨੂੰਨੀ ਲੜਾਈ ਵਾਪਸ ਨਹੀਂ ਲਵਾਂਗਾ ਅਤੇ ਲੜਦਾ ਰਹਾਂਗਾ। ਨੌਜਵਾਨ ਨੇ ਕਿਹਾ ਕਿ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਜੇਕਰ ਮੰਤਰੀ ਨਾਲ ਲੜਾਈ ਹੁੰਦੀ ਹੈ ਤਾਂ ਅਸੀਂ ਪਿੱਛੇ ਹਟ ਜਾਵਾਂਗੇ ਪਰ ਹੁਣ ਇਹ ਸਪੱਸ਼ਟ ਹੋ ਜਾਵੇਗਾ ਕਿ ਅਸੀਂ ਉਨ੍ਹਾਂ ਦੇ ਅੱਗੇ ਨਹੀਂ ਝੁਕਾਂਗੇ। ਇਹ ਕਹਾਣੀ ਬਿਆਨ ਕਰਦੀ ਹੈ ਕਿ ਕਿਵੇਂ ਪਿਛਲੇ ਸਮੇਂ ਵਿਚ ਵੀ ਨੌਜਵਾਨਾਂ 'ਤੇ ਹਮਲੇ ਹੁੰਦੇ ਰਹੇ ਹਨ ਪਰ ਉਹ ਅੱਗੇ ਨਹੀਂ ਆ ਸਕਦੇ ਸਨ ਅਤੇ ਜ਼ਿਆਦਾ ਦੇਰ ਤੱਕ ਚੁੱਪ ਨਹੀਂ ਰਹਿੰਦੇ ਜਦੋਂ ਤੱਕ ਆਮ ਆਦਮੀ ਦਾ ਦਰਜਾ ਉਨ੍ਹਾਂ ਤੋਂ ਉੱਪਰ ਨਹੀਂ ਹੁੰਦਾ।
ਨਹੀਂ ਕੀਤੀ ਪੱਗ ਦੀ ਬੇਅਦਬੀ:ਪੀੜਤ ਨੌਜਵਾਨ ਦਾ ਕਹਿਣਾ ਕਿ ਮੇਰੇ 'ਤੇ ਇਲਜ਼ਾਮ ਲਾਉਂਦੇ ਨੇ ਕਿ ਮੈਂ ਪੱਗ ਦੀ ਬੇਅਦਬੀ ਕੀਤੀ ਹੈ, ਜਦਕਿ ਅਜਹਾ ਕੁਝ ਵੀ ਨਹੀਂ ਹੈ। ਉਸ ਦਾ ਕਹਿਣਾ ਕਿ ਉਹ ਵਾਸ਼ਰੂਮ ਗਿਆ ਸੀ ਤਾਂ ਪਿਛੋਂ ਉਦੈਵੀਰ ਵਲੋਂ ਉਸ 'ਤੇ ਹਮਲਾ ਕਰ ਦਿੱਤਾ ਗਿਆ। ਨੌਜਵਾਨ ਦਾ ਕਹਿਣਾ ਕਿ ਪੱਗ ਦੀ ਬੇਅਦਬੀ ਮੈਂ ਨਹੀਂ ਸਗੋਂ ਇੰਨ੍ਹਾਂ ਨੇ ਕੀਤੀ ਹੈ ਕਿਉਂਕਿ ਪੱਗ ਕਦੇ ਵੀ ਇਹ ਨਹੀਂ ਸਿਖਾਉਂਦੀ ਕਿ ਕਿਸੇ ਬੇਕਸੂਰ ਅਤੇ ਨਿਹੱਥੇ 'ਤੇ ਵਾਰ ਕਰੋ। ਨੌਜਵਾਨ ਦਾ ਕਹਿਣਾ ਕਿ ਵੀਡੀਓ ਤੋਂ ਸਾਫ਼ ਪਤਾ ਲੱਗਦਾ ਹੈ ਕਿ ਗਲਤੀ ਕਿਸਦੀ ਹੈ।
ਰਾਜਾ ਵੜਿੰਗ ਨੇ ਦਿੱਤੀ ਹੱਲਾਸ਼ੇਰੀ:ਨੌਜਵਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਆਇਆ ਕਿ ਉਹ ਇਸ ਦੀ ਤਾਰੀਫ਼ ਕਰਦੇ ਹਨ ਪਰ ਕੀ ਕੁੱਟਮਾਰ ਦੀ ਵੀਡੀਓ ਦੇਖ ਕੇ ਵੀ ਵੜਿੰਗ ਦੀ ਰਾਏ ਇਹੀ ਰਹੇਗੀ ? ਪੀੜਤ ਨੌਜਵਾਨ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਚਾਹੀਦਾ ਸੀ ਕਿ ਨੌਜਵਾਨ ਨੂੰ ਸਟੇਜ 'ਤੇ ਬੁਲਾ ਕੇ ਕਹਿੰਦੇ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਲੜਨਾ ਹੈ ਨਾ ਕਿ ਲੋਕਾਂ ਦੇ ਨਾਲ ਲੜਨਾ। ਉਨ੍ਹਾਂ ਕਿਹਾ ਕਿ ਉਹ ਰਾਹੁਲ ਗਾਂਧੀ ਨੂੰ ਦੱਸਣਾ ਚਾਹੁੰਦੇ ਹਨ ਕਿ ਤੁਹਾਡੇ ਲੀਡਰਾਂ ਦੇ ਅਜਿਹੇ ਬਿਆਨਾਂ ਤੋਂ ਗੁੰਡਾਗਰਦੀ ਸਾਫ਼ ਝਲਕਦੀ ਹੈ। ਨੌਜਵਾਨ ਨੇ ਕਿਹਾ ਕਿ ਉਦੈਵੀਰ ਨੇ ਖੁਦ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ ਤਾਂ ਜੋ ਮੈਂ ਜ਼ਲੀਲ ਹੋ ਕੇ ਘਰ ਬੈਠ ਜਾਵਾ ਪਰ ਹੁਣ ਮੈਂ ਡਰ ਕੇ ਬੈਠਣ ਵਾਲਾ ਨਹੀਂ ਹਾਂ।
ਪੁਰਾਣੀ ਰੰਜਿਸ਼ ਦਾ ਹੈ ਮਾਮਲਾ: ਦੱਸ ਦਈਏ ਕਿ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੈਵੀਰ ਸਿੰਘ ਰੰਧਾਵਾ ਉੱਤੇ ਇਕ ਨੌਜਵਾਨ ਨਾਲ ਕੁੱਟਮਾਰ ਦੇ ਇਲਜ਼ਾਮ ਲੱਗੇ ਹਨ। ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨਿਰਵੀਰ ਸਿੰਘ ਗਿੱਲ ਨੇ ਦੋਸ਼ ਲਗਾਏ ਹਨ ਕਿ ਉਸਨੂੰ ਚੰਡੀਗੜ੍ਹ ਦੇ 17 ਸੈਕਟਰ ਤੋਂ ਅਗਵਾ ਕਰਕੇ ਸਰਕਾਰੀ ਗੰਨਮੈਨਾਂ ਨਾਲ ਮਿਲਕੇ ਉਦੈਵੀਰ ਸਿੰਘ ਨੇ ਬੁਰੀ ਤਰ੍ਹਾਂ ਕੁਟਵਾਇਆ ਹੈ। ਪੀੜ੍ਹਤ ਨੌਜਵਾਨ ਦੇ ਸਿਰ ਵਿਚ ਸੱਟ ਅਤੇ ਟਾਂਕੇ ਲੱਗੇ ਹੋਏ ਹਨ। ਨਿਰਵੀਰ ਦਾ ਦੋਸ਼ ਤਾਂ ਇਹ ਵੀ ਹੈ ਕਿ ਉਦੈਵੀਰ ਰੰਧਾਵਾ 2019 ਤੋਂ ਉਸਨੂੰ ਪ੍ਰੇਸ਼ਾਨ ਕਰ ਰਿਹਾ ਹੈ। ਪੀੜਤ ਦਾ ਕਹਿਣਾ ਹੈ ਕਿ ਸੈਕਟਰ 17 ਵਿਚ ਉਹ ਆਪਣੇ ਦੋਸਤਾਂ ਨਾਲ ਖਾਣਾ ਖਾਣ ਗਿਆ ਸੀ ਜਿਥੇ ਗੰਨ ਪੁਆਇੰਟ ਦੇ ਨਾਲ ਉਸਨੂੰ ਗੱਡੀ ਵਿਚ ਬਿਠਾਇਆ ਗਿਆ ਅਤੇ ਧਮਕਾਇਆ ਗਿਆ। ਜਿਸ ਵੇਲੇ ਇਹ ਘਟਨਾ ਹੋਈ ਉਸ ਵੇਲੇ 3 ਸਰਕਾਰੀ ਗੰਨਮੈਨ ਉਦੈਵੀਰ ਰੰਧਾਵਾ ਦੇ ਨਾਲ ਮੌਜੂਦ ਸਨ। ਹਾਲਾਂਕਿ ਪੀੜਤ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਸ ਗੱਲ ਤੋਂ ਉਹਨਾਂ ਵਿਚ ਵਿਵਾਦ ਪੈਦਾ ਹੋਇਆ। ਵਾਰ ਵਾਰ ਰੰਧਾਵਾ ਪਰਿਵਾਰ ਉੱਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਜਾ ਰਹੇ ਹਨ। ਪੀੜਤ ਦਾ ਕਹਿਣਾ ਹੈ ਕਿ ਸਰਕਾਰੀ ਅਮਲਾ ਲੈ ਕੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।