ਚੰਡੀਗੜ੍ਹ (ਡੈਸਕ) :ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ ਜੈੱਡ ਪਲੱਸ ਸੁਰੱਖਿਆ ਲੈਣ ਤੋਂ ਕੀਤੀ ਮਨਾਹੀ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਸਿਆਸੀ ਬਿਆਨ ਆ ਰਹੇ ਹਨ। ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸਨੂੰ ਲੈ ਕੇ ਤੰਜ ਕੱਸਦਾ ਟਵੀਟ ਕੀਤਾ ਹੈ। ਰੰਧਾਵਾ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ-ਮਾਨ ਸਾਹਿਬ ਚੀਚੀ 'ਤੇ ਲਹੂ ਲਾਕੇ ਸ਼ਹੀਦ ਨਾ ਬਣੋ! ਤੁਸੀਂ ਕਹਿੰਦੇ ਹੋ ਕੇ ਮੈਂ ਕੇਂਦਰ ਦੀ ਸਕਿਓਰਟੀ ਨਹੀਂ ਲੈਣੀ ਪਰ ਜ਼ਰਾ ਕਿਰਪਾ ਕਰਕੇ ਪੰਜਾਬ ਸਰਕਾਰ ਦੀ ਸਕਿਓਰਟੀ ਤੇ ਗੰਨਮੈਨਾਂ ਦੀ ਗਿਣਤੀ ਬਾਰੇ ਲੋਕਾਂ ਨੂੰ ਚਾਨਣਾ ਪਾਓ ਕਿ ਤੁਹਾਡੇ ਤੇ ਤੁਹਾਡੇ ਪਰਿਵਾਰ ਕੋਲ ਕਿੰਨੀ ਗਿਣਤੀ ਵਿੱਚ ਸਕਿਓਰਟੀ ਹੈ?
ਮਾਨ ਨੇ ਕੇਂਦਰ ਨੂੰ ਲਿਖੀ ਚਿੱਠੀ :ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਗਈ ਜ਼ੈਡ ਪਲੱਸ ਸਿਕਓਰਿਟੀ ਲੈਣ ਤੋਂ ਮੁੱਖ ਮੰਤਰੀ ਮਾਨ ਨੇ ਨਾਂਹ ਕਰ ਦਿੱਤੀ ਹੈ। ਮਾਨ ਨੇ ਆਖਿਆ ਕਿ ਉਹਨਾਂ ਕੋਲ ਪੰਜਾਬ ਦੀ ਦਿੱਤੀ ਸੁਰੱਖਿਆ ਬਹੁਤ ਕਾਬਲ ਹੈ। ਉਹਨਾਂ ਨੂੰ ਜ਼ੈਡ ਪਲੱਸ ਸੁਰੱਖਿਆ ਦੀ ਕੋਈ ਜ਼ਰੂਰਤ ਨਹੀਂ। ਮਾਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਜ਼ੈਡ ਪਲੱਸ ਸਿਕਓਰਿਟੀ ਲੈਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ। ਉਹਨਾਂ ਸਾਫ਼ ਕੀਤਾ ਕਿ ਪੰਜਾਬ ਵਿਚ ਦਿੱਲੀ ਦੀ ਸੁਰੱਖਿਆ ਦੀ ਕੋਈ ਜ਼ਰੂਰਤ ਨਹੀਂ।
25 ਮਈ ਨੂੰ ਜ਼ੈਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ : ਦੱਸ ਦਈਏ ਕਿ ਖੂਫੀਆ ਏਜੰਸੀਆਂ ਦੇ ਅਲਰਟ ਤੋਂ ਬਾਅਦ ਸੀਐਮ ਮਾਨ ਨੂੰ ਜ਼ੈਡ ਪਲੱਸ ਸੁਰੱਖਿਆ ਦੇਣ ਦਾ ਐਲਾਨ ਕੀਤਾ ਗਿਆ ਸੀ। ਖ਼ੂਫ਼ੀਆ ਏਜੰਸੀਆਂ ਨੇ ਹਾਲ ਹੀ ਵਿੱਚ ਖਾਲਿਸਤਾਨ ਪੱਖੀ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਸ਼ੁਰੂ ਕੀਤੀ ਵੱਖਵਾਦੀ ਮੁਹਿੰਮ ਕਾਰਨ ਪੈਦਾ ਹੋਈ ਸਥਿਤੀ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਸੌਂਪੀ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਦੀ ਸੁਰੱਖਿਆ ਵਿਚ 10 ਐਨਐਸਜੀ ਕਮਾਂਡੋ ਅਤੇ ਪੰਜਾਬ ਪੁਲਿਸ ਦੇ ਨਾਲ ਸੀਆਰਪੀਐਫ ਦੇ 55 ਜਵਾਨ ਤਾਇਨਾਤ ਕਰਨ ਦਾ ਫ਼ੈਸਲਾ ਲਿਆ ਗਿਆ। ਇਸਦੇ ਨਾਲ ਹੀ ਉਹਨਾਂ ਦੇ ਪਰਿਵਾਰ ਦਾ ਸੁਰੱਖਿਆ ਘੇਰਾ ਵਧਾਉਣ ਦਾ ਵੀ ਫ਼ੈਸਲਾ ਲਿਆ ਗਿਆ ਸੀ। ਇਸਤੋਂ ਪਹਿਲਾਂ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੀ ਜ਼ੈੱਡ ਪਲੱਸ ਸੁਰੱਖਿਆ ਮਿਲੀ ਸੀ।
ਕਈ ਵੱਡੇ ਰਾਜਨੇਤਾਵਾਂ ਕੋਲ ਪੰਜਾਬ ਪੁਲਿਸ ਦੀ ਸੁਰੱਖਿਆ :ਪੰਜਾਬ ਪੁਲਿਸ ਦੀ ਸੁਰੱਖਿਆ ਦਾ ਘੇਰਾ ਕਈ ਵੱਡੇ ਆਗੂਆਂ ਦੇ ਇਰਦ ਗਿਰਦ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਆਲੇ-ਦੁਆਲੇ ਵੀ ਪੰਜਾਬ ਪੁਲਿਸ ਦਾ ਸੁਰੱਖਿਆ ਕਵਚ ਹੈ। ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਨੀਲ ਜਾਖੜ, ਹਰਸਿਮਰਤ ਕੌਰ ਬਾਦਲ, ਸੁਖਜਿੰਦਰ ਸਿੰਘ ਰੰਧਾਵਾ, ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ, ਭੈਣ ਮਨਪ੍ਰੀਤ ਕੌਰ ਕੋਲ ਵੀ ਪੰਜਾਬ ਪੁਲਿਸ ਦੀ ਸੁਰੱਖਿਆ ਹੈ। ਇਸਤੋਂ ਇਲਾਵਾ ਗਨੀਵ ਕੌਰ ਮਜੀਠੀਆ, ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ, ਇਕਬਾਲ ਸਿੰਘ ਲਾਲਪੁਰਾ, ਕੌਮੀ ਘੱਟ ਗਿਣਤੀ ਕਮਿਸ਼ਨ, ਚੇਅਰਪਰਸਨ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਸੰਜੇ ਸ੍ਰੀਵਾਸਤਵ ਕੋਲ ਵੀ ਪੰਜਾਬ ਪੁਲਿਸ ਦੀ ਸੁਰੱਖਿਆ ਹੈ। ਪੰਜਾਬ ਸਰਕਾਰ ਦੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਤੋਂ ਇਲਾਵਾ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੇ ਵਿਧਾਇਕਾਂ ਕੋਲ ਵੀ ਪੰਜਾਬ ਪੁਲਿਸ ਦੀ ਸੁਰੱਖਿਆ ਹੈ ਕਈਆਂ ਕੋਲ ਇਕ-ਇਕ, ਦੋ-ਦੋ ਗੰਨਮੈਨ ਹਨ।