ਮੁੱਖ ਮੰਤਰੀ ਭਗਵੰਤ ਮਾਨ ਜਵਾਬ ਦਿੰਦੇ ਹੋਏ ਚੰਡੀਗੜ੍ਹ: ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ, ਜਿਸ ਦਾ ਜਵਾਬ ਨਾ ਮਿਲਣ 'ਤੇ ਅੱਜ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿੱਚ ਪੇਸ਼ ਹੋਕੇ ਸੁਖਬੀਰ ਸਿੰਘ ਬਾਦਲ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾ ਦਿੱਤਾ ਗਿਆ ਹੈ। ਮੁੱਖ ਮੰਤਰੀ ਮਾਨ ਦੇ ਖ਼ਿਲਾਫ਼ ਸੁਖਬੀਰ ਬਾਦਲ ਵੱਲੋਂ 1 ਕਰੋੜ ਦਾ ਦਾਅਵਾ ਪੇਸ਼ ਕੀਤਾ ਗਿਆ ਹੈ।
ਇੱਕ ਕਰੋੜ ਦਾ ਪੇਸ਼ ਕੀਤਾ ਦਾਅਵਾ:ਉਧਰ ਅਦਾਲਤ ਵਿੱਚ ਕੇਸ ਦਾਇਰ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੇ ਬਾਦਲ ਪਰਿਵਾਰ ਖ਼ਿਲਾਫ਼ ਝੂਠ ਬੋਲੇ ਹਨ, ਜਿਸ ਬਾਰੇ ਮੈਂ ਕਾਨੂੰਨੀ ਨੋਟਿਸ ਦਿੱਤਾ ਸੀ ਪਰ ਕੋਈ ਜੁਵਾਬ ਨਾ ਆਉਣ 'ਤੇ ਅੱਜ ਮੁਕਤਸਰ ਸਾਹਿਬ ਦੀ ਅਦਾਲਤ ਵਿੱਚ ਮੁੱਖ ਮੰਤਰੀ ਮਾਨ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਵੱਲੋਂ ਹਰ ਪੇਸ਼ੀ 'ਤੇ ਪੇਸ਼ ਹੋਣ ਦੀ ਆਖੀ ਗੱਲ ਦਾ ਸਵਾਗਤ ਵੀ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਉਹ ਮੁਕਤਸਰ ਸਾਹਿਬ ਆਉਣ ਅਤੇ ਪ੍ਰਕਾਸ਼ ਸਿੰਘ ਬਾਦਲ ਵਾਂਗ ਲੋਕਾਂ ਨੂੰ ਫੰਡ ਦੇ ਗੱਫੇ ਵੰਡਣ ਤਾਂ ਜੋ ਉਨ੍ਹਾਂ ਦੇ ਮੁਕਤਸਰ ਆਉਣ ਦੇ ਨਾਲ ਲੋਕਾਂ ਨੂੰ ਫਾਇਦਾ ਮਿਲੇ।
ਸੀਐਮ ਮਾਨ ਨੇ ਆਖੀ ਇਹ ਗੱਲ: ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਵੀ ਸੁਖਬੀਰ ਬਾਦਲ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਹ ਹਰ ਹਫ਼ਤੇ ਸੁਖਬੀਰ ਬਦਾਲ ਵੱਲੋਂ ਦਰਜ ਕਰਵਾਏ ਕੇਸ ਵਿੱਚ ਸੁਣਵਾਈ ਲਈ ਮੁਕਤਸਰ ਸਾਹਿਬ ਜਾਣਗੇ ਅਤੇ ਬਾਦਲ ਪਰਿਵਾਰ ਦੀਆਂ ਸੁਖ ਵਿਲਾਸ ਤੋਂ ਲੈ ਕੇ ਅਮਰੀਕਾ ਵਿੱਚ ਪਾਰਕਿੰਗਾਂ ਸਮੇਤ ਹੋਰਬੇਨਾਮੀ ਜਾਇਦਾਦਾਂ ਦਾ ਪਰਦਾਫਾਸ਼ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ "ਮੇਰੇ ਲਈ ਇਹ ਚੁਣੌਤੀ ਨਹੀਂ, ਸਗੋਂ ਇੱਕ ਮੌਕਾ ਹੈ। ਹਰ ਤਰੀਕ ਨੂੰ ਉਹ ਸਬੂਤਾਂ ਸਮੇਤ ਅਦਾਲਤ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨਗੇ।
ਓਪਨ ਡਿਬੇਟ 'ਚ ਮਾਨ ਨੇ ਆਖੀ ਸੀ ਇਹ ਗੱਲ:ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 1 ਨਵੰਬਰ 2023 ਨੂੰ ਖੁੱਲ੍ਹੀ ਬਹਿਸ ਬੁਲਾਈ ਸੀ। ਇਸ ਸਬੰਧੀ ਭਗਵੰਤ ਮਾਨ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਸੱਦਿਆ ਗਿਆ ਸੀ ਪਰ ਕੋਈ ਵੀ ਆਗੂ ਬਹਿਸ ਲਈ ਨਹੀਂ ਆਇਆ। ਜਿਸ ਤੋਂ ਬਾਅਦ ਭਗਵੰਤ ਮਾਨ ਨੇ ਬਾਦਲ ਪਰਿਵਾਰ ਅਤੇ ਵਿਰੋਧੀ ਧਿਰ ਦੇ ਨੇਤਾਵਾਂ 'ਤੇ ਗੰਭੀਰ ਦੋਸ਼ ਲਗਾਏ ਸਨ। ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਬਾਦਲ ਪਰਿਵਾਰ ਦਾ ਦਿੱਲੀ ਵਿੱਚ ਇੱਕ ਹੋਟਲ ਅਤੇ ਹਰਿਆਣਾ ਵਿੱਚ ਬਾਲਾਸਰ ਫਾਰਮ ਹੈ। ਇਸ ਲਈ ਬਾਦਲ ਪਰਿਵਾਰ ਦੇ ਖੇਤਾਂ ਲਈ ਵਿਸ਼ੇਸ਼ ਨਹਿਰ ਬਣਾਈ ਗਈ ਸੀ। ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ ਸੀਐਮ ਮਾਨ ਨੂੰ ਕਾਨੂੰਨੀ ਨੋਟਿਸ ਭੇਜ ਕੇ ਮੁਆਫ਼ੀ ਮੰਗਣ ਲਈ ਆਖਿਆ ਸੀ। ਪਰ ਸੀਐੱਮ ਵਲੋਂ ਮੁਆਫੀ ਨਹੀਂ ਮੰਗੀ ਗਈ, ਜਿਸ ਤੋਂ ਅਕਾਲੀ ਦਲ ਦੇ ਪ੍ਰਧਾਨ ਨੇ ਮਾਣਹਾਨੀ ਦਾ ਕੇਸ ਅੱਜ ਮੁਕਤਸਰ ਸਾਹਿਬ ਦੀ ਅਦਲਾਤ ਵਿੱਚ ਦਰਜ ਕਰ ਦਿੱਤਾ ਹੈ।