ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਯੂਨੀਵਰਸਿਟੀ ਵਿਚ ਸ਼ਰ੍ਹੇਆਮ ਫਿਰਕੂ ਵਿਤਕਰਾ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ 1947 ਤੋਂ ਅੱਜ ਤੱਕ ਇਕ ਵੀ ਸਿੱਖ ਚਿਹਰੇ ਨੂੰ ਵਾਈਸ ਚਾਂਸਲਰ ਨਿਯੁਕਤ ਨਹੀਂ ਕੀਤਾ ਗਿਆ। ਉਨ੍ਹਾਂ ਨੇ ਮੰਗ ਕੀਤੀ ਕਿ ਹੁਣ ਜਦੋਂ ਮੌਜੂਦਾ ਵੀਸੀ ਦੇ ਅਸਤੀਫੇ ਕਾਰਨ ਵਾਈਸ ਚਾਂਸਲਰ ਦੀ ਆਸਾਮੀ ਖਾਲੀ ਹੋ ਗਈ ਹੈ, ਤਾਂ ਕਿਸੇ ਯੋਗ ਤੇ ਪ੍ਰਮੁੱਖ ਸਿੱਖ ਵਿਦਵਾਨ ਨੁੰ ਵਾਈਸ ਚਾਂਸਲਰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਹੀ ਅਰਥਾਂ ਵਿਚ ਮਾਣ ਮੱਤੇ ਵਿਦਵਾਨਾਂ ਦੀ ਪ੍ਰਤੀਕ ਤੇ ਪੰਜਾਬ ਦੀ ਮੌਜੂਦਾ ਸਭਿਆਚਾਰ ਪਛਾਣ ਹੈ, ਜੋ ਪੰਜਾਬੀ ਬੋਲਦੇ ਇਲਾਕੇ ਵਜੋਂ ਸਥਾਪਿਤ ਕੀਤਾ ਗਿਆ ਸੀ।
ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਜੋ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨੂੰ ਲਿਖੇ ਇਕ ਪੱਤਰ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਭਾਰਤ ਨੂੰ ਆਜ਼ਾਦ ਹੋਏ ਨੂੰ 76 ਸਾਲ ਹੋ ਚੁੱਕੇ ਹਨ ਤੇ ਇਹ ਯੂਨੀਵਰਸਿਟੀ ਜਿਸ ਦਾ ਨਾਂ ਸਿਰਫ ਇਸ ਦੇ ਜਨਮ ਅਸਥਾਨ ਵਾਲੇ ਰਾਜ ਜਿਥੇ ਸਿੱਖੀ ਹੋਂਦ ਵਿਚ ਆਈ, ਦੇ ਨਾਂ ’ਤੇ ਰੱਖਿਆ ਗਿਆ। ਉਸ ਵਿਚ ਹੁਣ ਤੱਕ ਕਿਸੇ ਵੀ ਸਿੱਖ ਦੀ ਵਾਈਸ ਚਾਂਸਲਰ ਵਜੋਂ ਨਿਯੁਕਤੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਤਾਂ ਉਹੀ ਗੱਲ ਹੋ ਗਈ ਕਿ ਬਨਾਰਸ ਜਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਜਾਂ ਫਿਰ ਆਕਸਫੋਰਡ ਤੇ ਹਾਰਵਰਡ ਯੂਨੀਵਰਸਿਟੀਆਂ ਵਿਚ ਕਦੇ ਵੀ ਕੋਈ ਹਿੰਦੂ, ਮੁਸਲਿਮ ਜਾਂ ਇਸਾਈ ਵਾਈਸ ਚਾਂਸਲਰ ਨਹੀਂ ਬਣਾਇਆ ਗਿਆ।
ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਾਡੇ ਮਹਾਨ ਗੁਰੂ ਸਾਹਿਬਾਨ ਦੇ ਧਰਮ ਨਿਰਪੱਖ ਤੇ ਉਦਾਸ ਸੰਦੇਸ਼ ਦਾ ਪ੍ਰਤੀਕ ਹੈ ਅਤੇ ਕਿਸੇ ਵੀ ਤਰੀਕੇ ਦੇ ਫਿਰਕੂ ਵਿਤਕਰੇ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਸਾਡੀ ਸਿਰਫ ਇਹ ਮੰਗ ਹੀ ਨਹੀਂ ਹੈ ਕਿ ਸਿੱਖਾਂ ਨੂੰ ਇਥੇ ਪ੍ਰਮੁੱਖ ਅਹੁਦਿਆਂ ’ਤੇ ਤਾਇਨਾਤ ਕੀਤਾ ਜਾਵੇ, ਬਲਕਿ ਸਾਡਾ ਤਾਂ ਇਹ ਕਹਿਣਾ ਹੈ ਕਿ ਇਸ ਅਹਿਮ ਸੰਸਥਾ ਵਿਚ ਅਹਿਮ ਅਹੁਦਿਆਂ ਤੋਂ ਸਿੱਖਾਂ ਨੂੰ ਯੋਜਨਾਬੱਧ ਤਰੀਕੇ ਨਾਲ ਪਾਸੇ ਨਹੀਂ ਕੀਤਾ ਜਾਣਾ ਚਾਹੀਦਾ ਜੋ ਕਿ ਮੌਜੂਦਾ ਸਮੇਂ ਵਿਚ ਕੀਤਾ ਜਾ ਰਿਹਾ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਵਿਤਕਰਾ ਸਿਰਫ ਵਾਈਸ ਚਾਂਸਲਰਾਂ ਦੀ ਨਿਯੁਕਤੀ ਵਿਚ ਹੀ ਨਹੀਂ ਹੋ ਰਿਹਾ, ਬਲਕਿ ਉਹ ਹੇਠਲੇ ਪੱਧਰ ਤੱਕ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਯੂਨੀਵਰਸਿਟੀ ਸੈਨੇਟ ਦੇ 36 ਮੈਂਬਰ ਨਾਮਜ਼ਦ ਹੋਏ ਹਨ, ਜਿਨ੍ਹਾਂ ਵਿਚੋਂ ਸਿਰਫ ਦੋ ਸਿੱਖ ਹਨ। ਉਹਨਾਂ ਕਿਹਾ ਕਿ ਯੂਨੀਵਰਸਿਟੀ ਵਿਚ 14 ਪ੍ਰਮੁੱਖ ਅਕਾਦਮਿਕ ਅਤੇ ਪ੍ਰਸ਼ਾਸਕੀ ਆਸਾਮੀਆਂ ਜਿਹਨਾਂ ਵਿਚ ਡੀਨਾ ਯੂਨੀਵਰਸਿਟੀ ਇੰਸਟ੍ਰਕਸ਼ਨਜ਼, ਕੰਟਰੋਲਰ ਪ੍ਰੀਖਿਆਵਾ, ਐਫ ਡੀ ਓ, ਐਸ ਵਾਈ ਸੀ, ਡੀਨ ਵਿਦਿਆਰਥੀ ਭਲਾਈ ਵੀ ਸ਼ਾਮਲ ਹਨ, ’ਤੇ ਇਕ ਵੀ ਸਿੱਖ ਨਿਯੁਕਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਨਾ ਤਾਂ ਯੂਨੀਵਰਸਿਟੀ ਦਾ ਰਜਿਸਟਰਾਰ ਸਿੱਖ ਹੈ ਤੇ ਨਾ ਹੀ ਵਾਈਸ ਚਾਂਸਲਰ ਸਿੱਖ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਮਾੜੇ ਹਾਲਾਤ ਇਹ ਹੈ ਕਿ ਜਿਨ੍ਹਾਂ ਦੀ ਨਿਯੁਕਤੀ ਅਹਿਮ ਅਹੁਦਿਆਂ ’ਤੇ ਕੀਤੀ ਗਈ, ਉਹ ਤਾਂ ਪੰਜਾਬੀ ਵੀ ਨਹੀਂ ਹਨ।
ਆਪਣੇ ਪੱਤਰ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਲਈ ਇਕ ਪ੍ਰੋਫੈਸ਼ਨਲ ਅਕਾਦਮਿਕ, ਬੌਧਿਕ ਤੇ ਸਭਿਆਚਾਰਕ ਰੂਹ ਤੇ ਅੰਤਰ ਆਤਮਾ ਵਜੋਂ ਸਥਾਪਿਤ ਕੀਤੀਗਈ ਸੀ ਜਿਸ ਵਾਸਤੇ ਸਦੀਆਂ ਤੋਂ ਗੁਰੂਆਂ ਪੀਰਾਂ ਦਾ ਇਕ ਜਨਮ ਅਸਥਾਨ ਤੇ ਸਿੱਖੀ ਦਾ ਧੁਰਾ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਕ ਪ੍ਰੋਫੈਸ਼ਨਲ, ਬੁੱਧੀਜੀਵੀ ਤੇ ਅਕਾਦਮਿਕ ਉਤਮਤਾ ਦੇ ਇੰਜਣ ਵਜੋਂ ਕੰਮ ਕਰਨ ਦੇ ਨਾਲ ਨਾਲ ਇਸ ਯੂਨੀਵਰਸਿਟੀ ਨੇ ਸਾਡੀ ਸਥਾਨਕ ਸਮਾਜਿਕ-ਧਾਰਮਿਕ ਅਤੇ ਸਭਿਆਚਾਰਕ ਪਛਾਣ ਵਾਸਤੇ ਕੰਮ ਕਰਨਾ ਸੀ। ਉਨ੍ਹਾਂ ਕਿਹਾ ਕਿ 1966 ਤੋਂ ਯੂਨੀਵਰਸਿਟੀ ਮਾਤ ਭਾਸ਼ਾ ਪੰਜਾਬੀ ਦੇ ਆਧਾਰ ’ਤੇ ਬਣਾਏ ਮੌਜੂਦਾ ਪੰਜਾਬ ਦੀ ਆਤਮਾ, ਮਨ ਤੇ ਜ਼ਮੀਰ ਰਹੀ ਹੈ। ਉਹਨਾਂ ਕਿਹਾ ਕਿ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਹੁਣ ਯੂਨੀਵਰਸਿਟੀ ਨਾਲ ਜੁੜੇ ਨਹੀਂ ਰਹਿ ਗਏ, ਕਿਉਂਕਿ ਇਹਨਾਂ ਦਾ ਕੋਈ ਵੀ ਕਾਲਜ ਇਸ ਦਾ ਕੰਸਟੀਚਿਊਟ ਅਕਾਦਮਿਕ ਇਕਾਈ ਨਹੀਂ ਹੈ।
ਇਹ ਵੀ ਪੜ੍ਹੋ :ਮਾਨ ਸਾਬ੍ਹ ਸਕੂਲਾਂ ਦੀ ਨੁਹਾਰ ਬਦਲਣ ਦੇ ਦਾਅਵੇ ਛੱਡ ਕੇ ਪਹਿਲਾਂ ਲੋਕਾਂ ਦੇ ਇੱਕ ਵਾਰੀ ਟਵੀਟ ਵੀ ਪੜ੍ਹ ਲਓ ...