ਚੰਡੀਗੜ੍ਹ: ਦਿੱਲੀ ਵਿੱਚ ਬੀਜੇਪੀ ਅਤੇ ਅਕਾਲੀ ਦਲ ਵਿਚਕਾਰ ਗਠਜੋੜ ਟੁੱਟਣ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਚਕਾਰ ਟਵਿਟਰ ਵਾਰ ਸ਼ੁਰੂ ਹੋ ਗਿਆ ਹੈ।
ਕੈਪਟਨ ਵੱਲੋਂ ਸੁਖਬੀਰ ਬਾਦਲ ਨੂੰ ਚਿੱਠੀ ਲਿੱਖ ਕੇ ਹਿਟਲਰ ਦੀ ਜੀਵਨੀ ਨਾਲ ਸਬੰਧਤ ਕਿਤਾਬ ਪੜਨ ਦੀ ਸਲਾਹ ਦਿੱਤੇ ਜਾਣ ਮਗਰੋਂ ਸੁਖਬੀਰ ਬਾਦਲ ਨੇ ਇਸ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਵਿਦਵਾਨਾਂ ਵੱਲੋਂ ਕਈ ਦਰਜਨ ਕਿਤਾਬਾਂ ਲਿਖੀਆਂ ਗਈਆਂ ਹਨ, ਉਨ੍ਹਾਂ ਨੂੰ ਛੱਡ ਕੇ ਤੁਸੀਂ 'ਮੇਨ ਕੈਂਪਫ' ਤੋਂ ਆਪਣੇ ਇਤਿਹਾਸ ਦੇ ਸਬਕ ਸਿੱਖਣ ਦੀ ਚੋਣ ਕਿਉਂ ਕੀਤੀ।
ਉਨ੍ਹਾਂ ਨੇ ਕਿਹਾ ਕਿ ਸਿੱਖ ਵਿਦਵਾਨਾਂ ਵੱਲੋਂ ਲਿਖੀਆਂ ਕਿਤਾਬਾਂ ਜਿਨ੍ਹਾਂ ਵਿੱਚ ਕਾਂਗਰਸ ਸਮਰਥਿਤ ਕਤਲੇਆਮ ਬਾਰੇ ਦੱਸਿਆ ਗਿਆ ਹੈ ਤੇ ਜੋ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਅਤੇ ਸਿੱਖ ਕਤਲੇਆਮ ਨੂੰ ਲੈ ਕੇ ਵੀ ਵੇਰਵਾ ਦਿੰਦੇ ਹਨ। ਆਪਣੇ ਦੂਜੇ ਟਵੀਟ ਵਿੱਚ ਸੁਖਬੀਰ ਬਾਦਲ ਨੇ ਕੈਪਟਨ ਨੂੰ ਲਿਖਿਆ ਕਿ ਮੈਂ ਤੁਹਾਨੂੰ ਜਲਦੀ ਹੀ ਅਜਿਹੀਆਂ ਮਹੱਤਵਪੂਰਣ ਪੁਸਤਕਾਂ ਭੇਜ ਰਿਹਾ ਹਾਂ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਕਾਂਗਰਸ ਨੇ ਸਾਡੇ ਪਵਿੱਤਰ ਅਸਥਾਨ ਉੱਤੇ ਹਮਲੇ ਦੀ ਯੋਜਨਾ ਬਣਾਈ ਸੀ ਅਤੇ ਇਸ ਦੇ ਨਾਲ ਹੀ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ।
ਸੁਖਬੀਰ ਬਾਦਲ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਇੱਕ ਹੋਰ ਟਵੀਟ ਕਰਦੇ ਹੋਏ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਕਿਤਾਬਾਂ ਤੁਹਾਡੀ ਯਾਦ ਨੂੰ ਤਾਜ਼ਾ ਕਰਣਗੀਆਂ। ਬਾਦਲ ਨੇ ਕਿਹਾ ਕਿ ਕਿਰਪਾ ਕਰਕੇ ਇਨ੍ਹਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਵਿੱਚ ਥਾਂ ਦਿਓ ਅਤੇ ਪੜ੍ਹੋ। ਬਾਦਲ ਨੇ ਕੈਪਟਨ ਨੂੰ ਕਿਹਾ ਕਿ ਤੁਸੀਂ ਕਦੇ ਵੀ ਕਿਸੇ ਨੂੰ ਬੇਵਕੂਫੀ ਭਰਿਆ ਸੁਝਾਅ ਨਹੀਂ ਦੇਵੋਗੇ ।
ਦੱਸਦਈਏ ਕਿ ਦਿੱਲੀ ਵਿੱਚ ਭਾਜਪਾ-ਅਕਾਲੀ ਦਲ ਦੇ ਗਠਜੋੜ ਟੁਟੱਣ ਕੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਨੂੰ ਐਨਡੀਏ ਨਾਲੋਂ ਵੱਖ ਹੋਣ ਦੀ ਚੁਣੌਤੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇ ਅਕਾਲੀ ਦਲ ਨਾਗਰਿਕਤਾ ਸੋਧ ਕਾਨੂੰਨ ਕਾਰਨ ਦਿੱਲੀ 'ਚ ਚੋਣ ਨਹੀਂ ਲੜ ਰਿਹਾ ਤਾਂ ਉਸ ਨੂੰ ਐਨਡੀਏ ਨਾਲੋਂ ਗਠਜੋੜ ਤੋੜ ਲੈਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਸੁਖਬੀਰ ਬਾਦਲ ਦਾ ਬਿਆਨ ਸਾਹਮਣੇ ਆਇਆ, ਉਨ੍ਹਾਂ ਨੇ ਕਿਹਾ ਕਿ ਕੈਪਟਨ ਦੇ ਅਜਿਹੇ ਬੋਲ ਤੋਂ ਉਨ੍ਹਾਂ ਦੀ ਗਾਂਧੀ ਪਰਿਵਾਰ ਲਈ ਚਾਪਲੂਸੀ ਤੇ ਪਰਿਵਾਰ ਨੂੰ ਖੁਸ਼ ਰੱਖ ਕੇ ਆਪਣੀ ਕੁਰਸੀ ਬਚਾਉਣ ਦੀ ਇੱਛਾ ਜ਼ਾਹਿਰ ਹੁੰਦੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਪੱਸ਼ਟ ਕਰਨ ਕਿ ਉਹ ਪੀੜ੍ਹਤ ਸਿੱਖਾਂ ਨੂੰ ਸੀਏਏ ਤਹਿਤ ਮਿਲਣ ਵਾਲੀ ਨਾਗਰਿਕਤਾ ਦੇ ਵਿਰੁੱਧ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਇੱਕ ਅਸਫ਼ਲ ਮੁੱਖ ਮੰਤਰੀ ਤੋਂ ਸਿੱਖਿਆ ਲੈਣ ਦੀ ਲੋੜ ਨਹੀਂ ਹੈ। ਜਿਸ ਤੋਂ ਬਾਅਦ ਕੈਪਟਨ ਨੇ ਸੁਖਬੀਰ ਬਾਦਲ ਨੂੰ ਹਿਟਲਰ ਦੀ ਜੀਵਨੀ ਨਾਲ ਸਬੰਧਤ ਕਿਤਾਬਾਂ ਪੜਨ ਦੀ ਅਪੀਲ ਕੀਤੀ ਸੀ।