ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਸਾਂਸਦ ਸੁਖਬੀਰ ਸਿੰਘ ਬਾਦਲ ਨੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ 100 ਬਿਸਤਰਿਆਂ ਵਾਲੇ ਪੀਜੀਆਈ ਸੈਟੇਲਾਇਟ ਕੇਂਦਰ ਦੀ ਸਥਾਪਤੀ ਦੇ ਕੰਮ 'ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਇਸ ਮੁੱਦੇ 'ਤੇ ਬਾਦਲ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੂੰ ਇੱਕ ਮੰਗ ਪੱਤਰ ਦਿੰਦਿਆਂ ਫਿਰੋਜ਼ਪੁਰ ਸਾਂਸਦ ਨੇ ਦੱਸਿਆ ਕਿ ਇਹ ਪ੍ਰਾਜੈਕਟ ਅਫਸਰਸ਼ਾਹੀ ਵੱਲੋਂ ਪਾਏ ਅੜਿੱਕਿਆਂ ਵਿੱਚ ਉਲਝ ਕੇ ਰਹਿ ਗਿਆ ਹੈ।
ਫਿਰੋਜ਼ਪੁਰ ਵਿਖੇ ਪੀਜੀਆਈ ਸੈਟੇਲਾਈਟ ਕੇਂਦਰ ਦੀ ਸਥਾਪਤੀ ਲਈ ਕੇਂਦਰੀ ਸਿਹਤ ਮੰਤਰੀ ਨੂੰ ਮਿਲੇ ਸੁਖਬੀਰ ਬਾਦਲ - Sharomani Akali Dal
ਪੀਜੀਆਈ ਐਮਈਆਰ ਵਰਗੀਆਂ ਸਿਹਤ ਸੁਵਿਧਾਵਾਂ ਫਿਰੋਜ਼ਪੁਰ 'ਚ ਦਿਵਾਉਣ ਲਈ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੂੰ ਇੱਕ ਮੰਗ ਪੱਤਰ ਸੌਂਪਿਆ।
ਉਨ੍ਹਾਂ ਨੇ ਸੰਗਰੂਰ ਵਿਖੇ ਸ਼ੁਰੂ ਹੋ ਚੁੱਕੇ ਸੈਟੇਲਾਇਟ ਕੇਂਦਰ ਦੀ ਉਦਾਹਰਣ ਦਿੱਤੀ ਜਿਸ ਨੂੰ ਫਿਰੋਜ਼ਪੁਰ ਸੈਂਟਰ ਦੇ ਨਾਲ ਹੀ ਮਨਜ਼ੂਰੀ ਦਿੱਤੀ ਗਈ ਸੀ। ਇਹ ਟਿੱਪਣੀ ਕਰਦਿਆਂ ਕਿ ਇਹ ਪ੍ਰਾਜੈਕਟ ਦਫ਼ਤਰੀ ਕਾਰਵਾਈਆਂ ਦਾ ਸ਼ਿਕਾਰ ਹੋ ਗਿਆ ਹੈ, ਬਾਦਲ ਨੇ ਕੇਂਦਰੀ ਮੰਤਰੀ ਨੂੰ ਜਲਦੀ ਤੋਂ ਜਲਦੀ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਵਾਸਤੇ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ। ਬਾਦਲ ਨੇ ਕਿਹਾ ਕਿ ਇਸ ਤੋਂ ਬਾਅਦ ਇਸ ਪ੍ਰਾਜੈਕਟ ਉੱਤੇ ਬਿਨਾਂ ਕਿਸੇ ਦੇਰੀ ਤੋਂ ਕੰਮ ਸ਼ੁਰੂ ਹੋਣਾ ਚਾਹੀਦਾ ਹੈ।
ਸੁਖਬੀਰ ਬਾਦਲ ਨੇ ਇਹ ਗੱਲ ਵੀ ਡਾਕਟਰ ਵਰਧਨ ਦੇ ਧਿਆਨ ਵਿਚ ਲਿਆਂਦੀ ਕਿ ਇਸ ਸੈਟੇਲਾਇਟ ਕੇਂਦਰ ਦੀ ਸਥਾਪਤੀ ਫਿਰੋਜ਼ਪੁਰ ਦੇ ਲੋਕਾਂ ਦੀ ਬਹੁਤ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਿਸ਼ੇਸ਼ ਸਿਹਤ ਸੇਵਾਵਾਂ ਦੇ ਲਾਭ ਲੈਣ ਲਈ ਪੀਜੀਆਈ ਐਮਈਆਰ ਚੰਡੀਗੜ੍ਹ ਵਿਖੇ ਜਾਣਾ ਬਹੁਤ ਮੁਸ਼ਕਿਲ ਲੱਗਦਾ ਹੈ। ਇਸ ਲਈ ਇਹ ਸੇਵਾਵਾਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਫਿਰੋਜ਼ਪੁਰ ਵਿਖੇ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।