ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਵੱਲੋਂ ਸੋ ਤੋਂ ਵੱਧ ਮੌਤਾਂ ਲਈ ਜ਼ਿੰਮੇਵਾਰ ਸ਼ਰਾਬ ਮਾਫੀਆ ਵਿਰੁੱਧ ਰੋਸ ਪ੍ਰਗਟ ਕਰਨ ਵਾਲਿਆਂ 'ਤੇ ਕੇਸ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਇੱਕ ਹਜ਼ਾਰ ਤੋਂ ਵਧੇਰੇ ਲੋਕਾਂ ’ਤੇ ਕੇਸ ਦਰਜ ਕਰਨਾ ਲੋਕ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੁਖਬੀਰ ਬਾਦਲ ਵੱਲੋਂ ਸ਼ਰਾਬ ਮਾਫੀਆ ਵਿਰੁੱਧ ਰੋਸ ਪ੍ਰਗਟਾਉਣ ਵਾਲਿਆਂ 'ਤੇ ਕੇਸ ਦਰਜ ਕਰਨ ਦੀ ਨਿਖੇਧੀ - ਚੰਡੀਗੜ੍ਹ ਅਪਡੇਟ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਰਾਬ ਮਾਫੀਆ ਵਿਰੁੱਧ ਕਾਂਗਰਸੀ ਵਿਧਾਇਕ ਦਾ ਘਿਰਾਉ ਕਰਨ ਜਾ ਰਹੇ ਅਕਾਲੀ ਆਗੂਆਂ ਤੇ ਲੋਕਾਂ ਵਿਰੁੱਧ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਅਕਾਲੀ ਦਲ ਅਜਿਹੀ ਕਾਰਵਾਈ ਤੋਂ ਘਬਰਾਉਣ ਵਾਲਾ ਨਹੀਂ ਹੈ ਅਤੇ ਆਉਂਦੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਾਰਟੀ ਅਜਿਹੀਆਂ ਧੱਕੇਸ਼ਾਹੀ ਵਾਲੀਆਂ ਕਾਰਵਾਈਆਂ ਤੋਂ ਡਰਨ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਦੇ ਪੀੜਤਾਂ ਲਈ ਇਨਸਾਫ ਹਾਸਲ ਕਰਨ ਵਾਸਤੇ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਦੇ ਦੋਸ਼ੀਆਂ ਅਤੇ ਸ਼ਰਾਬ ਮਾਫੀਆ ਦੇ ਖਿਲਾਫ ਆਉਂਦੇ ਦਿਨਾਂ ਵਿੱਚ ਆਪਣਾ ਸੰਘਰਸ਼ ਤੇਜ ਕਰੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਉਨ੍ਹਾਂ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ ਹੈ ਜਿਨ੍ਹਾਂ ਦੇ ਨਾਂ ਪੀੜਤ ਪਰਿਵਾਰਾਂ ਨੇ ਮੁਜਰਮਾਂ ਵਜੋਂ ਲਏ ਹਨ।
ਉਨ੍ਹਾਂ ਕਿਹਾ ਕਿ ਵੀ ਪ੍ਰਸ਼ਾਸਕੀ ਪੱਧਰ ’ਤੇ ਵੀ ਹੇਠਲੇ ਪੱਧਰ ਦੇ ਅਫਸਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿ ਤਰਨਤਾਰਨ ਦੇ ਸਾਬਕਾ ਐਸ.ਐਸ.ਪੀ. ਧਰੁਵ ਦਹੀਆ, ਜਿਸਨੇ ਸ਼ਿਕਾਇਤਾਂ ਹੋਣ ਦੇ ਬਾਵਜੂਦ ਵੀ ਸ਼ਰਾਬ ਮਾਫੀਆ ਖਿਲਾਫ ਕਾਰਵਾਈ ਨਹੀਂ ਕੀਤੀ, ਨੂੰ ਚੰਗੀਆਂ ਪੋਸਟਿੰਗ ਨਾਲ ਨਵਾਜਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ਼ਰਾਬ ਮਾਫੀਆ ਅਤੇ ਇਸਨੂੰ ਚਲਾਉਣ ਵਾਲੇ ਕਾਂਗਸੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਨਾਲ-ਨਾਲ ਸ਼ਰਾਬ ਦੀਆਂ ਉਨ੍ਹਾਂ ਫੈਕਟਰੀਆਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਥੋਂ ਮਾਫੀਆ ਨੂੰ ਸਪੀਰਿਟ ਸਪਲਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਇਸ ਕੇਸ ਦੀ ਨਿਰਪੱਖ ਜਾਂਚ ਅਤੇ ਇਹ ਕੇਸ ਸੀਬੀਆਈ ਹਵਾਲੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਰਹਿਣਗੇ।