ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਰੀਆਂ ਸਿਆਸੀ ਪਾਰਟੀਆਂ ਤੇ ਸੰਗਠਨਾਂ ਨੂੰ ਦੇਸ਼, ਖਾਸ ਤੌਰ ’ਤੇ ਪੰਜਾਬ ਵਿਚ ਕਿਸਾਨਾਂ, ਖੇਤ ਮਜ਼ਦੂਰਾਂ ਤੇ ਖੇਤੀ ਉਪਜ ਦੇ ਵਪਾਰੀਆਂ ਦੇ ਹਿੱਤਾਂ ਦੇ ਬਚਾਅ ਵਾਸਤੇ ਇਕਜੁੱਟ ਹੋ ਕੇ ਡੱਟਣ ਦਾ ਸੱਦਾ ਦਿੱਤਾ।
ਬਾਦਲ ਨੇ ਕਿਹਾ ਕਿ ਉਹ ਕਿਸਾਨਾਂ, ਖੇਤ ਮਜ਼ਦੂਰਾਂ, ਆੜ੍ਹਤੀਆਂ ਤੇ ਹੋਰ ਖੇਤੀ ਉਪਜ ਦੇ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਵਾਸਤੇ ਕਿਸੇ ਵੀ ਸੰਘਰਸ਼ ਵਿੱਚ ਸ਼ਾਮਲ ਹੋਣ ਜਾਂ ਇਸ ਦੇ ਪਿੱਛੇ ਚੱਲਣ ਲਈ ਤਿਆਰ ਹਨ।
ਅਕਾਲੀ ਦਲ ਦੇ ਪ੍ਰਧਾਨ, ਜਿਨ੍ਹਾਂ ਨੇ ਕੱਲ੍ਹ ਰਾਤ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ (ਐਨ ਡੀ ਏ) ਨਾਲ ਪਾਰਟੀ ਵੱਲੋਂ ਗਠਜੋੜ ਤੋੜਨ ਤੋਂ ਬਾਅਦ ਪਹਿਲੀ ਵਾਰ ਜਨਤਕ ਤਕਰੀਰ ਕੀਤੀ, ਨੇ ਕਿਹਾ ਕਿ ਦੇਸ਼ ਨੂੰ ਕਿਸਾਨਾਂ ਤੇ ਖੇਤ ਮਜ਼ਦੂਰ ਕਿਹੜੇ ਤਰਸਯੋਗ ਹਾਲਾਤ ਵਿੱਚ ਰਹਿ ਰਹੇ ਹਨ, ਇਨ੍ਹਾਂ ਨੂੰ ਸਮਝਣ ਤੇ ਇਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਨ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਖੇਤੀ ਬਿੱਲ ਵਰਗਾ ਕੁਝ ਵੀ ਨਵਾਂ ਜੋ ਕਿਸਾਨਾਂ ਦੀ ਜਿਣਸ ਪ੍ਰਤੀ ਅਨਿਚਸ਼ਚਿਤਤਾ ਪੈਦਾ ਕਰਦਾ ਹੋਵੇ, ਦਾ ਨਾ ਸਿਰਫ ਅਰਥਚਾਰੇ ’ਤੇ ਤਬਾਹਕੁੰਨ ਅਸਰ ਪਵੇਗਾ ਬਲਕਿ ਇਸ ਦਾ ਦੇਸ਼ ਦੀ ਸਮਾਜਿਕ ਸਥਿਰਤਾ ’ਤੇ ਵੀ ਅਸਰ ਪਵੇਗਾ।
ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ‘ਕਾਲੇ ਕਾਨੂੰਨਾਂ’ ਤੋਂ ਬਚਾਉਣ ਲਈ ਸਾਰੇ ਸੂਬੇ ਨੂੰ ਕਿਸਾਨਾਂ ਦੀਆਂ ਜਿਣਸਾਂ ਲਈ ਸਰਕਾਰੀ ਮੰਡੀ ਘੋਸ਼ਤ ਕਰਨ। ਬਾਦਲ ਨੇ ਕਿਹਾ ਕਿ ਭਾਜਪਾ ਦੀ ਲੀਡਰਸ਼ਿਪ ਸਾਡੀਆਂ ਕਿਸਾਨ ਵਿਰੋਧੀ ਬਿੱਲਾਂ ਬਾਰੇ ਵਾਰ-ਵਾਰ ਕੀਤੀਆਂ ਗਈਆਂ ਅਪੀਲਾ ਨੂੰ ਸੁਣਨ ਲਈ ਤਿਆਰ ਨਹੀਂ ਸੀ। ਨਾ ਹੀ ਉਨ੍ਹਾਂ ਨੇ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦੇਣ ਤੋਂ ਬਾਹਰ ਕੀਤੇ ਜਾਣ ਬਾਰੇ ਉਨ੍ਹਾਂ ਦੀਆਂ ਅਪੀਲਾਂ ’ਤੇ ਗੌਰ ਕੀਤੀ। ਇਸ ਮਗਰੋਂ ਉਨ੍ਹਾਂ ਨਾਲ ਬਣਿਆ ਰਹਿਣਾ ਫਜ਼ੂਲ ਸੀ। ਉਨ੍ਹਾਂ ਕਿਹਾ ਕਿ ਅਸੀਂ ਇਕਜੁੱਟ ਹਾਂ ਤੇ ਅਸੀਂ ਭਾਰਤ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣ ਤੇ ਤਿੰਨੋਂ ਖੇਤੀ ਬਿੱਲ ਰੱਦ ਕਰਨ ਲਈ ਮਜਬੂਰ ਕਰ ਦਿਆਂਗੇ।