ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਕੇਂਦਰੀ ਰਾਸ਼ਨ ਦੀ ਵੰਡ ਵਿੱਚ ਹੋਏ ਘੁਟਾਲੇ ਤੇ ਅਨਾਜ ਤੇ ਦਾਲਾਂ ਕਾਂਗਰਸੀ ਹਮਾਇਤੀਆਂ ਨੂੰ ਦਿੱਤੇ ਜਾਣ ਲਈ ਕੀਤੇ ਪੱਖਪਾਤ ਦੀ ਜਾਂਚ ਦੇ ਹੁਕਮ ਦੇਣ।
ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਇਹ ਵੀ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀ ਐਮ ਜੀ ਕੇ ਏ ਵਾਈ) ਸਕੀਮ ਵਿੱਚ ਕੀਤੇ ਗਏ ਵਾਧੇ ਦੇ ਤਹਿਤ ਸੂਬੇ ਵਿੱਚ ਭੇਜੇ ਜਾਣ ਵਾਲੇ ਰਾਸ਼ਨ ਦੀ ਸਖ਼ਤੀ ਨਾਲ ਨਿਗਰਾਨੀ ਲਈ ਕੇਂਦਰੀ ਆਬਜ਼ਰਵਰ ਤਾਇਨਾਤ ਕਰਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਕੀਮ ਤਹਿਤ ਮਿਲੇ ਰਾਸ਼ਨ ਦੀ ਚੋਰੀ ਨਾ ਕੀਤੀ ਜਾ ਸਕੇ ਤੇ ਨਾ ਹੀ ਇਹ ਖੁੱਲ੍ਹੀ ਮਾਰਕੀਟ ਵਿਚ ਜਾਂ ਦੁਬਾਰਾ ਕਾਂਗਰਸ ਹਮਾਇਤੀਆਂ ਨੂੰ ਨਾ ਵੰਡਿਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਇਸ ਲਈ ਜ਼ਰੂਰੀ ਕਦਮ ਚੁੱਕਣੇ ਯਕੀਨੀ ਬਣਾਉਣ ਤਾਂਕਿ ਕੇਂਦਰੀ ਅਨਾਜ ਰਾਹਤ ਦੀ ਵੰਡ ਸਮੇਂ ਕਿਸੇ ਵੀ ਗਰੀਬ ਨਾਲ ਕੋਈ ਵਿਤਕਰਾ ਨਾ ਹੋਵੇ।