ਚੰਡੀਗੜ੍ਹ: ਬਲਾਤਕਾਰ ਅਤੇ ਕਤਲ ਮਾਮਲੇ 'ਚ ਸਜ਼ਾ ਭੁਗਤ ਰਿਹਾ ਡੇਰਾ ਸੱਚਾ ਸੌਦਾ ਰਾਮ ਰਹੀਮ 40 ਦਿਨਾਂ ਦੀ ਪੈਰੋਲ ਉੱਤੇ ਬਾਹਰ ਆਇਆ ਹੋਇਆ ਹੈ ਅਤੇ ਇਸ ਵੇਲੇ ਉਹ ਯੂਪੀ ਦੇ ਬਰਨਾਵਾ ਸਥਿਤ ਆਸ਼ਰਮ 'ਚ ਰਹਿ ਰਿਹਾ ਹੈ। ਬੀਤੇ ਦਿਨ ਗੁਰਮੀਤ ਰਾਮ ਰਹੀਮ ਵੱਲੋਂ ਆਨਲਾਈਨ ਸਤਸੰਗ ਕੀਤਾ ਗਿਆ, ਜਿਸ ਵਿੱਚ ਉਸ ਨੇ ਤਲਵਾਰ ਨਾਲ ਕੇਕ ਵੀ ਕੱਟਿਆ ਸੀ। ਤਲਵਾਰ ਨਾਲ ਕੇਕ ਕੱਟਣ ਤੋਂ ਬਾਅਦ ਬਲਤਕਾਰੀ ਰਾਮ ਰਹਿਮ ਸਵਾਲਾਂ ਦੇ ਘੇਰੇ ਵਿੱਚ ਘਿਰ ਗਿਆ ਹੈ।
ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕੀਤਾ ਟਵੀਟ:ਸਾਬਕਾ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ 'ਬਲਾਤਕਾਰ ਦਾ ਦੋਸ਼ੀ ਰਾਮ ਰਹੀਮ ਫਿਰ ਤੋਂ ਪਵਿੱਤਰ ਸਿੱਖ ਚਿੰਨ੍ਹਾਂ ਦਾ ਮਜ਼ਾਕ ਉਡਾ ਕੇ ਸਿੱਖ ਭਾਵਨਾਵਾਂ ਨੂੰ ਭੜਕਾ ਰਿਹਾ ਹੈ। ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਵਾਲੀਆਂ ਭੜਕਾਊ ਕਾਰਵਾਈਆਂ ਨਾਲ ਸਰਕਾਰ ਦੀਆਂ ਅਸਫਲਤਾਵਾਂ ਤੋਂ ਧਿਆਨ ਹਟਾ ਕੇ ਦੇਸ਼ ਨੂੰ ਮੁੜ ਅੱਗ ਲਗਾਉਣ ਦੀਆਂ ਇੰਦਰਾ ਗਾਂਧੀ ਦੀਆਂ ਚਾਲਾਂ ਨੂੰ ਮੁੜ ਸੁਰਜੀਤ ਕਰਨ ਪਿੱਛੇ ਕੌਣ ਹੈ ?’
Harsimrat badal on Ram rahim:ਹਰਸਿਮਰਤ ਕੌਰ ਬਾਦਲ ਨੇ ਰਾਮ ਰਹੀਮ ਦੀ ਰਿਹਾਈ 'ਤੇ ਚੁੱਕੇ ਸਵਾਲ ਸੁਖਬੀਰ ਬਾਦਲ ਨੇ ਵੀ ਕੀਤਾ ਵਿਰੋਧ : ਸੁਖਬੀਰ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ ‘ਕੀ ਧਾਰਮਿਕ ਭਾਵਨਾਵਾਂ ਭੜਕਾ ਕੇ ਦੇਸ਼ ਵਿਚ ਅਮਨ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਵਿਚ ਕੋਈ ਕਸਰ ਬਾਕੀ ਹੈ, ਜੋ ਬਲਾਤਕਾਰੀ ਰਾਮ ਰਹੀਮ ਤੋਂ ਸ਼ਰਮਨਾਕ ਹਰਕਤਾਂ ਕਰਵਾ ਕੇ ਪੂਰੀ ਕਰਨ ਦੀ ਸਾਜ਼ਿਸ਼ ਰਚੀ ਹੈ ? ੧੯੮੦ਵਿਆਂ ਵਿੱਚ ਇੰਦਰਾ ਗਾਂਧੀ ਨੇ ਦੇਸ਼ ਦਾ ਧਿਆਨ ਆਪਣੀਆਂ ਨਾਕਾਮੀਆਂ ਤੋਂ ਹਟਾਉਣ ਲਈ ਪੰਜਾਬ ਤੇ ਦੇਸ਼ ਨੂੰ ਲਹੂ ਲੁਹਾਣ ਕੀਤਾ ਸੀ।’
ਸੁਖਬੀਰ ਬਾਦਲ ਨੇ ਅੱਗੇ ਲਿਖਿਆ ‘ਇੰਦਰਾ ਦੀ ਇਸ ਸਿੱਖ ਵਿਰੋਧੀ ਤੇ ਦੇਸ਼ ਲਈ ਘਾਤਕ ਸਾਜ਼ਿਸ਼ ਦਾ ਖੁਲਾਸਾ ਖ਼ੁਦ ਭਾਜਪਾ ਆਗੂ ਹੀ ਖੁਲਾਸਾ ਕਰਦੇ ਰਹੇ ਹਨ। ਅੱਜ ਸਿੱਖਾਂ ਸਮੇਤ ਸਮੂਹ ਦੇਸ਼ ਵਾਸੀ ਫਿਰ ਇਹ ਸੋਚਣ ਤੇ ਮਜਬੂਰ ਹਨ ਕਿ ਭਾਜਪਾ ਦੇ ਮੌਜੂਦਾ ਸਾਸ਼ਕ ਭੀ ਇੰਦਰਾ ਗਾਂਧੀ ਵਾਲੇ ਫਿਰਕੂ ਰਾਹ ਤੇ ਚਲ ਰਹੇ ਹਨ। ਮੇਰੀ ਹਰ ਸਹੀ ਸੋਚ ਵਾਲੇ ਦੇਸ਼ ਵਾਸੀ ਨੂੰ ਅਪੀਲ ਹੈ ਕਿ ਉਹ ਦੇਸ਼ ਵਾਸੀਆਂ ਨੂੰ ਇਸ ਸਾਜ਼ਿਸ਼ ਵਿਰੁੱਧ ਸੁਚੇਤ ਕਰਕੇ ਦੇਸ਼ ਦੇ ਅਮਨ ਤੇ ਭਾਈਚਾਰਕ ਸਾਂਝ ਨੂੰ ਮੁੜ ਲਾਂਬੂ ਲਾਉਣ ਦੀ ਸਿਆਸੀ ਮੌਕਾ ਪ੍ਰਸਤੀ ਵਾਲੀ ਇਸ ਸਾਜ਼ਿਸ਼ ਨੂੰ ਫੇਲ ਕਰਨ ਲਈ ਅੱਜ ਹੀ ਅੱਗੇ ਆਏ। ਕੱਲ੍ਹ ਤੱਕ ਬਹੁਤ ਦੇਰ ਹੋ ਜਾਏਗੀ।’
ਉਹਨਾਂ ਨੇ ਲਿਖਿਆ ਕਿ ‘ਮੈਂ ਸਮੂਹ ਦੇਸ਼ ਵਾਸੀਆਂ ਨੂੰ ਵਿਸ਼ਵਾਸ ਦੁਆਉਂਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਵਾਂਗ ਮਹਾਨ ਗੁਰੂ ਸਾਹਿਬਾਨ ਦੇ ਪੂਰਨਿਆਂ ਤੇ ਚਲਦੇ ਹੋਇਆ ਪੰਜਾਬ ਤੇ ਮੁਲਕ ਅੰਦਰ ਅਮਨ ਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਵਿਚ ਮੋਹਰੀ ਰੋਲ ਨਿਭਾਉਂਦਾ ਰਹੇਗਾ।’
ਇਹ ਵੀ ਪੜ੍ਹੋ :ਭਾਜਪਾ ਨੇਤਾਵਾਂ ਨੇ ਰਾਮ ਰਹੀਮ ਤੋਂ ਲਿਆ 'ਆਨਲਾਈਨ ਆਸ਼ੀਰਵਾਦ', ਦਿੱਲੀ ਮਹਿਲਾ ਕਮਿਸ਼ਨ ਨੇ CM ਖੱਟਰ 'ਤੇ ਚੁੱਕੇ ਸਵਾਲ
ਭਾਜਪਾ ਆਗੂਆਂ ਦੀ ਡੇਰੇ 'ਚ ਹਾਜ਼ਰੀ :ਹਾਲ ਹੀ 'ਚ ਗੁਰਮੀਤ ਰਾਮ ਰਹੀਮ ਦੇ ਸਤਿਸੰਗ ਵਿੱਚ ਭਾਜਪਾ ਆਗੂਆਂ ਵਲੋਂ ਸ਼ਿਰਕਤ ਕੀਤੀ ਗਈ ਸੀ। ਗੱਲ ਕੀਤੀ ਜਾਵੇ ਬਰਨਾਵਾ ਆਸ਼ਰਮ ਦੀ ਤਾਂ ਇਥੇ ਪਹੁੰਚ ਕੇ ਰਾਮ ਰਹੀਮ ਨੇ ਆਪਣੇ ਸਮਰਥਕਾਂ ਨਾਲ ਸਫਾਈ ਮੁਹਿੰਮ ਸ਼ੁਰੂ ਕਰਵਾਈ ਸੀ। ਇਸ ਵਿੱਚ ਡੇਰਾ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਰਾਮ ਰਹੀਮ ਦੇ ਆਨਲਾਈਨ ਸਤਿਸੰਗ ਵਿੱਚ ਰਾਜ ਸਭਾ ਮੈਂਬਰ ਕ੍ਰਿਸ਼ਨ ਪੰਵਾਰ ਅਤੇ ਭਾਜਪਾ ਆਗੂ ਕ੍ਰਿਸ਼ਨ ਬੇਦੀ ਸ਼ਾਮਲ ਹੋਏ ਸਨ। ਉਨ੍ਹਾਂ ਰਾਮ ਰਹੀਮ ਵੱਲੋਂ ਚਲਾਈ ਗਈ ਸਫਾਈ ਮੁਹਿੰਮ ਦੀ ਸ਼ਲਾਘਾ ਕੀਤੀ ਸੀ। ਸੂਤਰਾਂ ਦੀ ਮੰਨੀਏ ਤਾਂ ਕਬੀਰ ਦਾਸ ਜੈਅੰਤੀ 3 ਫਰਵਰੀ ਨੂੰ ਨਰਵਾਣਾ 'ਚ ਮਨਾਈ ਜਾਵੇਗੀ। ਇਸ ਪ੍ਰੋਗਰਾਮ ਲਈ ਭਾਜਪਾ ਨੇਤਾ ਕ੍ਰਿਸ਼ਨ ਬੇਦੀ ਨੇ ਰਾਮ ਰਹੀਮ ਨੂੰ ਸੱਦਾ ਦਿੱਤਾ ਸੀ।
ਰਾਮ ਰਹੀਮ 'ਤੇ ਲੱਗੇ ਦੋਸ਼ ਅਤੇ ਮਾਮਲੇ : ਡੇਰਾ ਸਚਾ ਸੌਦਾ ਦੇ ਮੁਖੀ ਰਾਮ ਰਹੀਮ 'ਤੇ ਸਾਧਵੀ ਨਾਲ ਬਲਾਤਕਾਰ ਦਾ ਇਲਜ਼ਾਮ ਲੱਗਿਆ ਸੀ। ਇਹ ਦੋਸ਼ ਸਾਲ 2002 ਵਿੱਚ ਇੱਕ ਪੱਤਰ ਰਾਹੀਂ ਲਾਇਆ ਗਿਆ ਸੀ। ਉਸ ਦੌਰਾਨ ਹਾਈ ਕੋਰਟ ਨੇ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਸਨ। ਸੀਬੀਆਈ ਦੀ ਜਾਂਚ ਵਿੱਚ ਦੋਸ਼ ਸਹੀ ਪਾਏ ਗਏ ਸਨ।
ਪੱਤਰਕਾਰ ਦਾ ਕਤਲ : ਗੁਰਮੀਤ ਰਾਮ ਰਹੀਮ ਤੇ ਬਲਾਤਕਾਰ ਅਤੇ ਲੋਕਾਂ ਨੂੰ ਤੰਗ ਕਰਨ ਤੋਂ ਇਲਾਵਾ ਪੱਤਰਕਾਰ ਦੇ ਕਤਲ ਦੇ ਮਾਮਲੇ ਵਿੱਚ ਵੀ ਸਜ਼ਾ ਕੱਟ ਰਿਹਾ ਹੈ। ਦਰਅਸਲ ਪੱਤਰਕਾਰ ਨੇ ਸਾਧਵੀ ਮਾਮਲੇ ਨੂੰ ਆਪਣੇ ਅਖਬਾਰ 'ਚ ਪ੍ਰਕਾਸ਼ਿਤ ਕੀਤਾ ਸੀ, ਜਿਸ ਤੋਂ ਬਾਅਦ ਨਵੰਬਰ 2002 'ਚ ਉਸ ਦੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ। ਸਾਲ 2006 ਵਿੱਚ ਇਹ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ। ਏਜੰਸੀ ਦੇ ਵਕੀਲ ਐਚਪੀ ਐਸ ਵਰਮਾ ਨੇ ਸੀਬੀਆਈ ਅਦਾਲਤ ਦੇ ਬਾਹਰ ਕਿਹਾ, “ਗੁਰਮੀਤ ਰਾਮ ਰਹੀਮ ਅਤੇ ਉਸ ਦੇ ਸਾਬਕਾ ਮੈਨੇਜਰ ਕ੍ਰਿਸ਼ਨ ਲਾਲ ਨੂੰ ਆਈਪੀਸੀ ਦੀ ਧਾਰਾ 302 ਦੇ ਨਾਲ ਪੜ੍ਹੀ ਗਈ ਧਾਰਾ 120 ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ।
ਗੁਰੂ ਗੋਬਿੰਦ ਸਿੰਘ ਜੀ ਦੀ ਨਕਲ:ਇੱਕ ਸਮਾਗਮ ਦੌਰਾਨ ਰਾਮ ਰਹੀਮ ਨੇ ਕਥਿਤ ਤੌਰ 'ਤੇ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਕੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। ਜਿਸ ਤੋਂ ਬਾਅਦ ਇਸ ਮਾਮਲੇ 'ਚ ਰਾਮ ਰਹੀਮ ‘ਤੇ ਕੇਸ ਦਰਜ ਕੀਤਾ ਗਿਆ ਸੀ। ਰਜਿੰਦਰ ਸਿੰਘ ਦੀ ਸ਼ਿਕਾਇਤ ’ਤੇ 20 ਮਈ 2007 ਨੂੰ ਕੇਸ ਦਰਜ ਕੀਤਾ ਗਿਆ ਸੀ।
400 ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਮਾਮਲਾ ਦਰਜ :ਰਾਮ ਰਹੀਮ 'ਤੇ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਮਾਮਲਾ ਵੀ ਦਰਜ ਹੈ। ਸਾਧੂਆਂ ਨੂੰ ਇਹ ਕਹਿ ਕੇ ਨਪੁੰਸਕ ਬਣਾਇਆ ਗਿਆ ਕਿ ਅਜਿਹਾ ਕਰਨ ਨਾਲ ਉਹ ਰੱਬ ਨੂੰ ਮਹਿਸੂਸ ਕਰ ਸਕਣਗੇ। ਇਕ ਸਮਾਂ ਅਜਿਹਾ ਵੀ ਆਇਆ ਜਦ ਲੋਕਾਂ ਦੇ ਸਰ ਉਤੇ ਅਸਰ ਦੇਖਣ ਨੂੰ ਮਿਲਾ ਵੀ। ਅੱਜ ਵੀ ਲੋਕਾਂ ਦੇ ਦਿਲਾਂ ਉਤੇ ਰਾਮ ਰਹੀਮ ਦਾ ਅਸਰ ਦੇਖਿਆ ਜਾ ਸਕਦਾ ਹੈ।
ਡੇਰਾ ਮੁਖੀ ਪਹਿਲਾਂ ਵੀ ਕਈ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਹਨ, ਜਿਸ ਵਿੱਚ ਸਾਲ 2021 ਵਿੱਚ ਤਿੰਨ ਵਾਰ ਅਤੇ 2022 ਵਿੱਚ ਫਰਵਰੀ ਮਹੀਨੇ ਅਤੇ ਜੂਨ ਮਹੀਨੇ ਵਿੱਚ ਕ੍ਰਮਵਾਰ 21 ਦਿਨ ਅਤੇ ਮਹੀਨੇ ਲਈ ਜੇਲ੍ਹ ਤੋਂ ਬਾਹਰ ਆ ਚੁੱਕੇ ਹਨ। ਡੇਰਾ ਮੁਖੀ ਦੀ ਪੈਰੋਲ ਦੇ ਸਮੇਂ ਨੂੰ ਲੈ ਕੇ ਹਮੇਸ਼ਾ ਚਰਚਾ ਹੁੰਦੀ ਹੈ।