ਚੰਡੀਗੜ੍ਹ: ਕੋਵਿਡ-19 ਦੇ ਸੰਕਟ ਦੇ ਕਾਰਨ ਸੂਬੇ ਭਰ ਵਿੱਚ ਲਗਾਏ ਗਏ ਕਰਫਿਊ ਦੇ ਚੱਲਦਿਆਂ ਗਰੀਬਾਂ ਨੂੰ ਰਾਸ਼ਨ ਦੇਣ ਲਈ ਸ਼ੂਗਰਫੈਡ 20 ਲੱਖ ਖੰਡ ਦੇ ਪੈਕੇਟ ਮੁਹੱਈਆ ਕਰਵਾਏ ਜਾਣਗੇ, ਜਿਸ ਦੇ ਤਹਿਤ ਐਤਵਾਰ ਨੂੰ 50 ਹਜ਼ਾਰ ਪੈਕੇਟ ਭੇਜ ਦਿੱਤੇ ਗਏ ਹਨ। ਇਹ ਖੁਲਾਸਾ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰੈਸ ਬਿਆਨ ਰਾਹੀਂ ਕੀਤਾ।
ਰੰਧਾਵਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਨੂੰ ਇਹਤਿਹਾਤ ਵਜੋਂ ਘਰਾਂ ਵਿੱਚ ਰੱਖਣ ਲਈ ਲਗਾਏ ਗਏ ਕਰਫਿਊ ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਗਰੀਬਾਂ ਤੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਗਨ।
ਉਨ੍ਹਾਂ ਕਿਹਾ ਕਿ ਇਹ ਜ਼ਿੰਮਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਸੌਂਪਿਆ ਗਿਆ ਹੈ ਅਤੇ ਸਹਿਕਾਰੀ ਅਦਾਰੇ ਸ਼ੂਗਰਫੈਡ ਵੱਲੋਂ ਇਹ ਰਾਸ਼ਨ ਪਹੁੰਚਾਣ ਲਈ ਇੱਕ-ਇੱਕ ਕਿਲੋ ਦੇ 20 ਲੱਖ ਖੰਡ ਦੇ ਪੈਕੇਟ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ 50 ਹਜ਼ਾਰ ਪੈਕੇਟ ਭੇਜ ਦਿੱਤੇ ਗਏ ਹਨ ਅਤੇ ਬਾਕੀ ਸਪਲਾਈ ਆਉਂਦੇ ਦਿਨਾਂ ਵਿੱਚ ਕਰ ਦਿੱਤੇ ਜਾਣਗੇ।