ਚੰਡੀਗੜ੍ਹ : ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਵੱਲੋਂ ਪਿੜਾਈ ਸੀਜ਼ਨ 2019-20 ਦੀ ਸ਼ੁਰੂਆਤ 10 ਨਵੰਬਰ ਤੋਂ ਬਾਅਦ ਗੰਨੇ ਦੀ ਕਟਾਈ ਲਈ ਲੇਬਰ ਦੀ ਉਪਲਬੱਧਤਾ ਅਨੁਸਾਰ ਕੀਤੀ ਜਾਵੇਗੀ। ਇਹ ਜਾਣਕਾਰੀ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਜਾਰੀ ਪ੍ਰੈੱਸ ਬਿਆਨ ਰਾਹੀਂ ਦਿੱਤੀ।
ਰੰਧਾਵਾ ਨੇ ਦੱਸਿਆ ਕਿ ਪਿੜਾਈ ਸੀਜ਼ਨ 2019-20 ਦੌਰਾਨ ਗੰਨਾ ਕਾਸ਼ਤਕਾਰਾਂ ਦੀ ਸਹੂਲਤ ਅਤੇ ਸਮੇਂ ਸਿਰ ਗੰਨੇ ਦੀ ਪਿੜਾਈ ਯਕੀਨੀ ਬਣਾਉਣ ਲਈ ਸਹਿਕਾਰੀ ਖੰਡ ਮਿੱਲਾਂ ਦੇ ਜਨਰਲ ਮੈਨੇਜਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਪਿੜਾਈ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪਲਾਂਟ ਅਤੇ ਮਸ਼ੀਨਰੀ ਦੇ ਟਰਾਇਲ 1 ਨਵੰਬਰ ਤੱਕ ਮੁੰਕਮਲ ਕਰ ਲਏ ਜਾਣ ਅਤੇ 10 ਨਵੰਬਰ 2019 ਤੱਕ ਹਰੇਕ ਸਹਿਕਾਰੀ ਖੰਡ ਮਿੱਲਾਂ ਪਿੜਾਈ ਸ਼ੁਰੂ ਕਰਨ ਲਈ ਤਿਆਰ ਹੋਵੇ।
ਇਹ ਵੀ ਹਦਾਇਤ ਕੀਤੀ ਹੈ ਕਿ ਸਹਿਕਾਰੀ ਖੰਡ ਮਿੱਲਾਂ ਵੱਲੋਂ ਆਪਣੇ ਇਲਾਕੇ ਵਿੱਚ ਗੰਨੇ ਦੀ ਕਟਾਈ ਲਈ ਲੇਬਰ ਦੀ ਉਪਲਬੱਧਤਾ ਨੂੰ ਵੇਖਦੇ ਹੋਏ 10 ਨਵੰਬਰ ਤੋਂ ਬਾਅਦ ਗੰਨਾ ਕਾਸ਼ਤਕਾਰਾਂ ਦੀ ਸਹੂਲਤ ਅਨੁਸਾਰ ਪਿੜਾਈ ਸੀਜ਼ਨ ਦੀ ਸ਼ੁਰੂਆਤ ਕਰ ਦਿੱਤੀ ਜਾਵੇ।
ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਵੱਲੋਂ ਪਿੜਾਈ ਸੀਜ਼ਨ 2019-20 ਦੌਰਾਨ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਅਦਾਇਗੀ 72 ਘੰਟੇ ਵਿੱਚ ਕਰਨ ਦੇ ਲੋੜੀਂਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ ਅਤੇ ਨਾਲ ਹੀ ਗੰਨੇ ਦੀ ਸਪਲਾਈ ਅਤੇ ਕੈਲੰਡਰ ਸਬੰਧੀ ਸਾਰੀ ਕਾਰਵਾਈ ਆਨਲਾਈਨ ਸਿਸਟਮ ਰਾਹੀਂ ਕਰਨ ਲਈ ਕਿਹਾ ਗਿਆ ਹੈ।
ਸਹਿਕਾਰੀ ਖੰਡ ਮਿੱਲਾਂ ਵਿੱਚ ਗੰਨੇ ਦੀ ਪਿੜਾਈ ਲਈ ਗੰਨਾ ਲਿਆਉਣ ਵਾਲੇ ਗੰਨਾ ਕਾਸ਼ਤਕਾਰਾਂ ਨੂੰ ਕੇਨ ਯਾਰਡ ਵਿੱਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੀ ਕਿਹਾ ਗਿਆ ਹੈ।