ਚੰਡੀਗੜ੍ਹ:ਅੰਮ੍ਰਿਤਸਰ 'ਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹਿੰਦੂ ਆਗੂਆਂ ਅਤੇ ਵੀਵੀਆਈਪੀਜ਼ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਕਮੇਟੀ ਬਣਾਈ ਗਈ ਸੀ। ਦੱਸ ਦਈਏ ਕਿ ਡੀਜੀਪੀ ਯਾਦਵ ਦੇ ਹੁਕਮਾਂ 'ਤੇ ਇਹ ਕਮੇਟੀ ਪੰਜਾਬ ਦੇ 16 ਹਿੰਦੂ ਨੇਤਾਵਾਂ ਅਤੇ 25 ਵੀਵੀਆਈਪੀਜ਼ ਦੀ ਸੁਰੱਖਿਆ ਦੀ ਸਮੀਖਿਆ ਕਰੇਗੀ। ਇਸ ਦੇ ਨਾਲ ਹੀ ਇਹ ਕਮੇਟੀ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਡੀਜ਼ੀਪੀ ਅੱਗੇ ਪੇਸ਼ ਕਰੇਗੀ।
ਇਹ ਵੀ ਪੜੋ:CM ਬੇਅੰਤ ਸਿੰਘ ਕਤਲ ਮਾਮਲਾ: ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ 'ਚ ਲਿਆਉਣ ਦੇ ਆਦੇਸ਼
ਧਮਕੀ ਭਰੀਆਂ ਕਾਲਾਂ ਦੀ ਵੀ ਹੋਵੇਗੀ ਜਾਂਚ:ਡੀਜੀਪੀ ਵੱਲੋਂ ਗਠਿਤ ਕੀਤੀ ਗਈ ਇਹ ਕਮੇਟੀ ਪੰਜਾਬ ਵਿੱਚ ਪਿਛਲੇ ਸਮੇਂ ਵਿੱਚ ਵੀਆਈਪੀਜ਼ ਅਤੇ ਹੋਰਨਾਂ ਨੂੰ ਮਿਲ ਰਹੀਆਂ ਧਮਕੀਆਂ ਦੀ ਵੀ ਸਮੀਖਿਆ ਕਰੇਗੀ। ਇਸ ਤੋਂ ਇਲਾਵਾ ਇੰਟੈਲੀਜੈਂਸ ਵਿੰਗ ਦੇ ਇਨਪੁਟ ਦਾ ਵੀ ਸਹਾਰਾ ਲਿਆ ਜਾਵੇਗਾ।
ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਬਣਾਈ ਕਮੇਟੀ:ਦੱਸ ਦਈਏ ਕਿ ਸ਼ੁੱਕਰਵਾਰ ਨੂੰ ਹਿੰਦੂ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਸੂਰੀ ਨੂੰ ਕੁੱਲ 4 ਗੋਲੀਆਂ ਲੱਗੀਆਂ ਸਨ, ਜਿਹਨਾਂ ਵਿੱਚੋਂ 3 ਗੋਲੀਆਂ ਉਸ ਦੇ ਸਰੀਰ ਵਿੱਚ ਤੇ ਇੱਕ ਗੋਲੀ ਉਸ ਦੇ ਮੋਢੇ ਤੋਂ ਪਾਰ ਹੋ ਗਈ ਸੀ।
ਮੁਲਜ਼ਮ ਸੰਦੀਪ ਸੰਨੀ 7 ਦਿਨਾਂ ਪੁਲਿਸ ਰਿਮਾਂਡ 'ਤੇ:ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਮਾਮਲੇ ਵਿੱਚ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਸੰਦੀਪ ਸੰਨੀ ਨੂੰ ਪੁਲਿਸ ਵੱਲੋਂ ਸ਼ੁੱਕਰਵਾਰ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਸੰਨੀ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਸੰਦੀਪ ਸੰਨੀ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਪੁਲਿਸ ਵੱਲੋਂ ਸੰਦੀਪ ਸੰਨੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਦੇ ਕਾਰਨਾਂ ਅਤੇ ਮੁੱਖ ਸਾਜਿਸ਼ਕਰਤਾ ਦਾ ਖੁਲਾਸਾ ਹੋ ਸਕੇ।
ਖਾਲਿਸਤਾਨ ਸਮਰਥਕਾਂ ਦੇ ਨਿਸ਼ਾਨੇ 'ਤੇ ਸੀ ਸੂਰੀ: ਜਦੋਂ ਸੂਰੀ ਨੂੰ ਗੋਲੀ ਮਾਰੀ ਗਈ ਤਾਂ ਉਨ੍ਹਾਂ ਦੇ ਨਾਲ ਕਈ ਸਮਰਥਕ ਵੀ ਮੌਜੂਦ ਸਨ। ਗੋਲੀਬਾਰੀ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿਚ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸੂਰੀ ਖਾਲਿਸਤਾਨ ਸਮਰਥਕਾਂ ਦੇ ਨਿਸ਼ਾਨੇ 'ਤੇ ਸੀ। ਕੁਝ ਸਮਾਂ ਪਹਿਲਾਂ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨ ਸਮਰਥਕਾਂ ਨੇ ਵੀ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਇਸ ਤੋਂ ਬਾਅਦ ਹੀ ਉਸ ਨੂੰ ਪੁਲਿਸ ਸੁਰੱਖਿਆ ਦਿੱਤੀ ਗਈ। ਹਮਲਾਵਰ ਜਿਸ ਕਾਰ ਵਿਚ ਆਇਆ ਸੀ ਉਸ ਵਿਚ ਖਾਲਿਸਤਾਨੀਆਂ ਦਾ ਸਟਿੱਕਰ ਲੱਗਾ ਹੋਇਆ ਸੀ।
2016 ਵਿੱਚ ਖਾਲਿਸਤਾਨੀਆਂ ਨੂੰ ਦਿੱਤੀਆਂ ਸਨ ਧਮਕੀਆਂ:ਸੁਧੀਰ ਸੂਰੀ ਨੇ 2016 ਵਿੱਚ ਅੰਮ੍ਰਿਤਸਰ ਵਿੱਚ ਆਪਣੇ ਇੱਕ ਭਾਸ਼ਣ ਵਿੱਚ ਖਾਲਿਸਤਾਨੀਆਂ ਨੂੰ ਖੁੱਲ੍ਹੇਆਮ ਧਮਕੀ ਦਿੱਤੀ ਸੀ। ਉਨ੍ਹਾਂ ਨੇ ਧਮਕੀ ਦਿੱਤੀ ਸੀ ਅਤੇ ਕਿਹਾ ਸੀ ਕਿ ਜੇਕਰ ਉਹ ਕਿਸੇ ਹਿੰਦੂ ਨੂੰ ਮਾਰਦਾ ਹੈ ਤਾਂ ਉਹ ਉਨ੍ਹਾਂ ਵਿੱਚੋਂ 10 ਨੂੰ ਮਾਰ ਗਿਰਾਉਣਗੇ। ਉਦੋਂ ਤੋਂ ਉਹ ਲਗਾਤਾਰ ਵਿਵਾਦਾਂ 'ਚ ਘਿਰੇ ਰਹੇ। ਜੇਕਰ ਸਿੱਖ ਬੰਦ ਦਾ ਸੱਦਾ ਦਿੰਦੇ ਤਾਂ ਉਹ ਇਸ ਦਾ ਵਿਰੋਧ ਕਰਨ ਲੱਗ ਪੈਂਦੇ।
ਸਿੱਖ ਬੀਬੀਆਂ ਬਾਰੇ ਬੋਲੇ ਸੀ ਇਤਰਾਜ਼ਯੋਗ ਸ਼ਬਦ: ਸੁਧੀਰ ਸੂਰੀ ਦਾ ਸਭ ਤੋਂ ਵਿਵਾਦਿਤ ਬਿਆਨ 2019 ਵਿੱਚ ਸਾਹਮਣੇ ਆਇਆ ਸੀ। ਉਸ ਨੇ ਸਿੱਖ ਔਰਤਾਂ ਬਾਰੇ ਅਪਮਾਨਜਨਕ ਅਤੇ ਸ਼ਰਮਨਾਕ ਸ਼ਬਦ ਬੋਲੇ ਸਨ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ ਖਾਲਿਸਤਾਨੀ ਸਮਰਥਕਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਅਦਾਲਤ ਵਿੱਚ ਚੱਲ ਰਹੇ ਸਨ 6 ਕੇਸ:ਸੂਰੀ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਕਰੀਬ 6 ਕੇਸ ਦਰਜ ਹਨ। ਜਿਸ ਦੀ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਸੀ। ਇਸ ਦੌਰਾਨ ਸੁਧੀਰ ਸੂਰੀ ਨੂੰ ਪੁਲਿਸ ਨੇ ਕਈ ਵਾਰ ਗ੍ਰਿਫ਼ਤਾਰ ਵੀ ਕੀਤਾ ਸੀ। 2020 ਵਿੱਚ ਸੁਧੀਰ ਸੂਰੀ ਨੂੰ ਪੁਲਿਸ ਨੇ ਇੰਦੌਰ ਤੋਂ ਫੜਿਆ ਸੀ। ਸੂਰੀ ਵਿਰੁੱਧ ਇਹ ਸਾਰੇ ਕੇਸ ਅਦਾਲਤ ਵਿੱਚ ਚੱਲ ਰਹੇ ਸਨ।
ਇਹ ਵੀ ਪੜੋ:ਬੀਬੀ ਜਗੀਰ ਕੌਰ ਲੜਨਗੇ SGPC ਚੋਣਾਂ, ਚੋਣਾਂ ਲਈ ਆਪਣੇ ਏਜੰਡੇ ਕੀਤੇ ਜਾਰੀ