ਚੰਡੀਗੜ੍ਹ: ਸੋਮਵਾਰ ਨੂੰ ਪੰਜਾਬ ਮੰਤਰੀ ਮੰਡਲ ਬੈਠਕ ਹੋਈ। ਇਸ ਬੈਠਕ ਦੌਰਾਨ ਮੰਤਰੀ ਮੰਡਲ ਨੇ ਜਾਂਚ ਬਿਊਰੋ ਕੇਡਰ ਦੇ ਸੁਬਾਰਡੀਨੇਟ ਰੈਂਕਾਂ (ਸਿਪਾਹੀ ਤੋਂ ਇੰਸਪੈਕਟਰਾਂ ਤੱਕ) ਦੀ ਭਰਤੀ/ਨਿਯੁਕਤੀਆਂ ਅਤੇ ਸੇਵਾ ਸ਼ਰਤਾਂ ਦੇ ਪ੍ਰਸ਼ਾਸਕੀ ਪ੍ਰਬੰਧਨ ਲਈ ਪੰਜਾਬ ਪੁਲੀਸ ਜਾਂਚ ਕੇਡਰ ਸੁਬਾਰਡੀਨੇਟ ਰੈਂਕਾਂ ( ਨਿਯੁਕਤੀ ਅਤੇ ਸਰਵਿਸ ਸੇਵਾ ਸ਼ਰਤਾਂ) ਨਿਯਮਾਂ 2020 ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
8 ਸਰਕਾਰੀ ਵਿਭਾਗਾਂ ਲਈ ਸਲਾਨਾ ਤੇ 4 ਸਾਲਾ ਰਣਨੀਤਕ ਕਾਰਗੁਜ਼ਾਰੀ ਯੋਜਨਾਵਾਂ ਨੂੰ ਪ੍ਰਵਾਨਗੀ -
ਨਤੀਜੇ ਕੇਂਦਰਿਤ ਢੰਗ ਨਾਲ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੈਬਿਨੇਟ ਵੱਲੋਂ 8 ਵਿਭਾਗਾਂ ਲਈ ਮੁਖ ਕਾਰਗੁਜ਼ਾਰੀ ਪੈਮਾਨਿਆਂ ਅਤੇ ਵਿਕਾਸ ਦੇ ਹੰਢਣਸਾਰ ਟੀਚੇ ਨਿਰਧਾਰਤ ਕਰਨ ਲਈ 4 ਸਾਲਾਂ ਨੀਤੀਗਤ ਕਾਰਗੁਜ਼ਾਰੀ ਯੋਜਨਾ (4 ਐਸ.ਏ.ਪੀ) 2019 ਤੋਂ 2023 ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਇਨ੍ਹਾਂ ਵਿਭਾਗਾਂ ਵਿੱਚ ਕਿਰਤ ਭਲਾਈ, ਤਕਨੀਕੀ ਸਿੱਖਿਆ ਅਤੇ ਸਿਖਲਾਈ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ, ਮੈਡੀਕਲ ਸਿੱਖਿਆ ਅਤੇ ਖੋਜ, ਰੱਖਿਆ ਸੇਵਾਵਾਂ ਭਲਾਈ, ਰੁਜ਼ਗਾਰ ਸਿਰਜਣਾ ਅਤੇ ਸਿਖਲਾਈ, ਜੇਲ੍ਹਾਂ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਯੋਜਨਾ ਵਿਭਾਗ ਵੱਲੋਂ ਇਸ ਚਾਰ ਸਾਲਾ ਨੀਤੀਗਤ ਕਾਰਗੁਜ਼ਾਰੀ ਯੋਜਨਾ 2019-23 ਅਤੇ ਸਾਲਾਨਾ ਕਾਰਗੁਜ਼ਾਰੀ ਯੋਜਨਾ-2019 ਦੀ ਤਿਮਾਹੀ ਅਧਾਰ 'ਤੇ ਨਿਗਰਾਨੀ ਅਤੇ ਨਿਰੀਖਣ ਕੀਤਾ ਜਾਵੇਗਾ।
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ) ਲਈ ਗਰਾਂਟਾਂ ਨੂੰ ਪ੍ਰਵਾਨਗੀ-
ਕੈਬਿਨੇਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਲੜੀ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤਰੀ ਕੈਂਪਸ, ਫੱਤੂ ਢੀਂਗਰਾ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਕਾਂਸਟੀਚਿਊਟ ਕਾਲਜ ਵਜੋਂ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ) ਵਿਖੇ ਤਬਦੀਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਕੈਬਿਨੇਟ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਕਾਲਜ ਦੇ ਰੱਖ-ਰਖਾਅ ਅਤੇ ਤਨਖਾਹਾਂ ਲਈ ਵਿੱਤੀ ਸਾਲ 2019-20 (ਕੇਵਲ ਦਸ ਮਹੀਨਿਆਂ ਲਈ) ਦੌਰਾਨ1.25 ਕੋਰੜ ਰੁਪਏ ਅਤੇ ਇਸ ਦੇ ਨਾਲ ਹੀ 1.50 ਕਰੋੜ ਰੁਪਏ ਪ੍ਰਤੀ ਸਾਲ ਬਾਅਦ ਦੇ ਸਾਲਾਂ ਲਈ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਇਨ ਏਡ ਦੇ ਉਪਬੰਧਾਂ ਵਜੋਂ ਵੀ ਪ੍ਰਵਾਨਗੀ ਦੇ ਦਿੱਤੀ ਹੈ।