ਪੰਜਾਬ

punjab

ETV Bharat / state

ਚੰਦਰਯਾਨ-3 ਦੀ ਲਾਈਵ ਲਾਂਚਿੰਗ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫਤ ਟੂਰ ਦਾ ਪ੍ਰਬੰਧ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ - ਵਿਦਿਆਰਥਣਾਂ ਲਈ ਬੱਸ ਸੇਵਾ

ਇਸਰੋ ਤੋਂ ਚੰਦਰਯਾਨ-3 ਦੀ ਲਾਈਵ ਲਾਂਚਿੰਗ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫਤ ਟੂਰ ਦਾ ਪ੍ਰਬੰਧ ਕਰਕੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ। ਪੜ੍ਹੋ ਪੂਰੀ ਖਬਰ...

Students shared their experiences with the Chief Minister
ਚੰਦਰਯਾਨ-3 ਦੀ ਲਾਈਵ ਲਾਂਚਿੰਗ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫਤ ਟੂਰ ਦਾ ਪ੍ਰਬੰਧ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ

By

Published : Jul 16, 2023, 7:49 PM IST

ਚੰਡੀਗੜ੍ਹ :ਭਾਰਤੀ ਪੁਲਾੜ ਅਤੇ ਖੋਜ ਸੰਸਥਾ (ਇਸਰੋ) ਕੇਂਦਰ, ਸ਼੍ਰੀਹਰਿਕੋਟਾ ਤੋਂ ਚੰਦਰਯਾਨ-3 ਦੀ ਲਾਈਵ ਲਾਂਚਿੰਗ ਨੂੰ ਦੇਖਣ ਵਾਸਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਪੰਜਾਬ ਮੁਫ਼ਤ ਟੂਰ ਕਰਵਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਭਾਰਤੀ ਪੁਲਾੜ ਵਿਗਿਆਨ ਪ੍ਰੋਗਰਾਮ ਦੇ ਦੌਰੇ ਤੋਂ ਦਿਲਚਸਪ ਤਜਰਬੇ ਲੈ ਕੇ ਪਰਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਵਿਦਿਆਰਥੀਆਂ ਦੇ ਦ੍ਰਿਸ਼ਟੀਕੋਣ ਨੂੰ ਵਿਸ਼ਾਲ ਕਰਕੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ।

ਪਹਿਲੀ ਵਾਰ ਹਵਾਈ ਜਹਾਜ਼ ਵਿੱਚ ਸਫ਼ਰ ਕੀਤਾ :ਉਨ੍ਹਾਂ ਦੱਸਿਆ ਕਿ ਸਕੂਲਜ਼ ਆਫ ਐਮੀਨੈਂਸ 'ਚੋਂ ਚੁਣੇ ਗਏ 15 ਲੜਕੇ ਅਤੇ 15 ਲੜਕੀਆਂ ਸਮੇਤ 30 ਵਿਦਿਆਰਥੀਆਂ ਦਾ ਬੈਚ ਇਸ ਯਾਤਰਾ ਲਈ ਭੇਜਿਆ ਗਿਆ ਸੀ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀਆਂ ਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਹਵਾਈ ਜਹਾਜ਼ ਵਿੱਚ ਸਫ਼ਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੇ ਸਫ਼ਰ, ਖਾਣ-ਪੀਣ ਅਤੇ ਰਹਿਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਨੇ ਚੁੱਕਿਆ ਹੈ।

ਹੋਰ ਵਿਦਿਆਰਥੀ ਵੀ ਜਾਣਗੇ ਇਸਰੋ :ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਦਿਆਰਥੀ ਅਤੇ ਉਨ੍ਹਾਂ ਨਾਲ ਗਏ ਅਧਿਆਪਕ ਉਸੇ ਹੋਟਲ ਵਿੱਚ ਠਹਿਰੇ ਸਨ, ਜਿੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਠਹਿਰੇ ਸਨ। ਉਨ੍ਹਾਂ ਕਿਹਾ ਕਿ ਇਸਰੋ ਆਉਣ ਵਾਲੇ ਦਿਨਾਂ ਵਿੱਚ ਲਗਭਗ 13 ਵੱਖ-ਵੱਖ ਪ੍ਰੋਜੈਕਟਾਂ 'ਤੇ ਹੋਰ ਪੁਲਾੜ ਅਤੇ ਮਿਜ਼ਾਈਲ ਪ੍ਰੋਗਰਾਮਾਂ ਦਾ ਆਯੋਜਨ ਕਰੇਗਾ, ਜਿਸ ਵਿੱਚ ਸੂਬੇ ਦੇ ਹੋਰ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ਬਾਰੇ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਭੇਜਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਜਿਵੇਂ ਕਿ ਕਿਸੇ ਵੀ ਖੇਤਰ ਵਿੱਚ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਥਿਊਰੀ ਨਾਲੋਂ ਪ੍ਰੈਕਟੀਕਲ ਜ਼ਿਆਦਾ ਅਹਿਮ ਭੂਮਿਕਾ ਨਿਭਾਉਂਦਾ ਹੈ, ਇਹ ਟੂਰ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਪ੍ਰੋਜੈਕਟ ਦੀ ਸਥਾਪਨਾ ਲਈ ਸੂਬਾ ਸਰਕਾਰ ਇਸਰੋ ਨੂੰ ਪੂਰਾ ਸਹਿਯੋਗ ਦੇਵੇਗੀ।

23 ਜੁਲਾਈ ਨੂੰ ਸਿੰਗਾਪੁਰ ਜਾਣਗੇ ਅਧਿਆਪਕ : ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਸੁਧਾਰ ਲਿਆਉਣ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 23 ਜੁਲਾਈ ਨੂੰ ਸਕੂਲ ਪ੍ਰਿੰਸੀਪਲਾਂ ਦੇ ਦੋ ਗਰੁੱਪਾਂ ਨੂੰ ਸਿੰਗਾਪੁਰ ਭੇਜਿਆ ਜਾਵੇਗਾ ਤਾਂ ਜੋ ਉਹ ਉਥੋਂ ਦੀ ਸਿੱਖਿਆ ਪ੍ਰਣਾਲੀ ਨੂੰ ਦੇਖ ਕੇ ਨਵਾਂ ਅਨੁਭਵ ਲੈ ਸਕਣ । ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੁਝ ਅਧਿਆਪਕਾਂ ਨੂੰ ਇਸੇ ਤਰ੍ਹਾਂ ਦੀ ਸਿਖਲਾਈ ਲਈ ਸਿੰਗਾਪੁਰ ਭੇਜਿਆ ਗਿਆ ਸੀ ਅਤੇ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਧਿਆਪਕ ਸਿੱਖਿਆ ਦੇ ਖੇਤਰ ਵਿੱਚ ਵਿਸ਼ਵ ਭਰ ਵਿੱਚ ਪ੍ਰਚਲਿਤ ਉੱਨਤ ਅਭਿਆਸ ਬਾਰੇ ਜਾਣ ਸਕਣ ਅਤੇ ਉਸ ਮੁਹਾਰਤ ਨੂੰ ਸੂਬੇ ਦੇ ਵਿਦਿਆਰਥੀਆਂ ਨਾਲ ਸਾਂਝਾ ਕਰ ਸਕਣ।

ਵਿਦਿਆਰਥਣਾਂ ਲਈ ਬੱਸ ਸੇਵਾ :ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਲਈ ਬੱਸ ਸੇਵਾ ਸ਼ੁਰੂ ਕਰੇਗੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਗਰਮੀਆਂ ਦੇ ਪੀਕ ਸੀਜ਼ਨ ਦੌਰਾਨ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਕੇ ਸਵੇਰੇ 7:30 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਨ ਦੇ ਫੈਸਲੇ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਏ ਹਨ ਕਿਉਂਕਿ ਪੰਜਾਬ ਨੇ ਪਿਛਲੇ 54 ਦਿਨਾਂ ਦੌਰਾਨ 52,000 ਸਰਕਾਰੀ ਦਫ਼ਤਰਾਂ ਵਿੱਚ 10,800 ਮੈਗਾਵਾਟ ਬਿਜਲੀ ਦੀ ਬਚਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਕਰਮਚਾਰੀਆਂ ਨੂੰ ਆਪਣੇ ਕੰਮ ਤੋਂ ਛੁੱਟੀ ਲਏ ਬਿਨਾਂ ਸਵੇਰੇ-ਸਵੇਰੇ ਆਪਣਾ ਕੰਮ ਨਿਬੇੜ ਕੇ ਦਫਤਰੀ ਸਮੇਂ ਤੋਂ ਬਾਅਦ ਸਮਾਜਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਵੀ ਸਹੂਲਤ ਮਿਲੀ। ਇਸੇ ਤਰ੍ਹਾਂ ਕਰਮਚਾਰੀਆਂ ਨੇ ਆਪਣੇ ਪਰਿਵਾਰ ਨਾਲ ਵੀ ਵੱਧ ਤੋਂ ਵੱਧ ਸਮਾਂ ਬਿਤਾਇਆ।

ਇਸ ਦੌਰਾਨ ਸ਼੍ਰੀਹਰੀਕੋਟਾ ਦੇ ਦੌਰੇ ਤੋਂ ਵਾਪਸ ਪਰਤੇ ਵਿਦਿਆਰਥੀਆਂ ਨੇ ਉਨ੍ਹਾਂ ਵਾਸਤੇ ਵਿਗਿਆਨਕ ਗਿਆਨ ਅਤੇ ਤਜਰਬੇ ਦੇ ਨਵੇਂ ਰਾਹ ਖੋਲ੍ਹਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਗ੍ਰਹਿਆਂ, ਮਿਜ਼ਾਈਲਾਂ ਅਤੇ ਹੋਰ ਯੰਤਰਾਂ ਬਾਰੇ ਵਿਸ਼ਾਲ ਤਜਰਬਾ ਹਾਸਲ ਕੀਤਾ। ਵਿਦਿਆਰਥੀਆਂ ਨੇ ਟੂਰ ਦੌਰਾਨ ਉਨ੍ਹਾਂ ਦੀ ਆਰਾਮਦਾਇਕ ਠਹਿਰ ਅਤੇ ਯਾਤਰਾ ਲਈ ਪੁਖਤਾ ਪ੍ਰਬੰਧ ਕਰਨ ਵਾਸਤੇ ਸੂਬਾ ਸਰਕਾਰ ਦੀ ਸ਼ਲਾਘਾ ਵੀ ਕੀਤੀ। (ਪ੍ਰੈੱਸ ਨੋਟ)

ABOUT THE AUTHOR

...view details