ਚੰਡੀਗੜ੍ਹ: ਪਿਛਲੇ ਕਈ ਸਾਲਾਂ ਤੋਂ ਪਰਾਲੀ ਸਾੜਨ ਨਾਲ ਪੈਦਾ ਹੋ ਰਹੇ ਹਵਾ ਪ੍ਰਦੂਸ਼ਣ ਉੱਤਰ ਭਾਰਤ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸਰਕਾਰ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਕਿਸਾਨਾਂ ਨੂੰ 50 ਤੋਂ 80 ਫੀਸਦੀ ਤੱਕ ਖੇਤੀ ਸੰਦ ਖਰੀਦਣ ਲਈ ਸਬਸਿਡੀ ਦੇਣ ਦਾ ਦਾਅਵਾ ਕਰ ਰਹੀ ਹੈ। ਇਸ ਦੇ ਬਾਵਜੂਦ ਕਿਸਾਨ ਆਪਣੇ ਆਪ ਨੂੰ ਮਜਬੂਰ ਦੱਸਦੇ ਹੋਏ ਪਰਾਲੀ ਨੂੰ ਅੱਗ ਲਗਾਉਂਦੇ ਨਜ਼ਰ ਆਉਂਦੇ ਹਨ।
ਉੱਥੇ ਹੀ ਪੀਜੀਆਈ ਦੇ ਪ੍ਰੋਫੈਸਰ ਰਵਿੰਦਰ ਖਾਈਵਾਲ ਦਾ ਕਹਿਣਾ ਕਿ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਵਿੱਚ ਵਾਧਾ ਹੋਣ ਲੱਗ ਪਿਆ ਹੈ। ਰਵਿੰਦਰ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਕਾਰਬਨ-ਡਾਈਅਕਸਾਈਡ, ਕਾਰਬਨ ਮੋਨੋ ਆਕਸਾਈਡ ਵਰਗੀਆਂ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ, ਜੋ ਸਾਹ ਲੈਣ ਦੇ ਦੌਰਾਨ ਸਰੀਰ ਦੇ ਅੰਦਰ ਜਾਂਦੀਆਂ ਹਨ ਤੇ ਫੇਫੜੇ ਅਤੇ ਦਿਲ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਇਸ ਵਾਰ ਪਰਾਲੀ ਦਾ ਧੂੰਆ ਜ਼ਿਆਦਾ ਨੁਕਸਾਨਦਾਇਕ ਹੋ ਸਕਦਾ ਹੈ।